ਅੰਮ੍ਰਿਤਸਰ, 9 ਜੁਲਾਈ 2022 – ਹੈਰੋਇਨ ਸਮੱਗਲਰ ਅਤੇ ਗੈਂਗਸਟਰ ਸਾਜਨ ਕਲਿਆਣ ਨੇ ਪੁਲਿਸ ਹਿਰਾਸਤ ਵਿੱਚ ਭੇਦ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅੰਮ੍ਰਿਤਸਰ ਦੇ 18 ਨਾਬਾਲਗ ਲੜਕਿਆਂ ਰਾਹੀਂ ਸ਼ਹਿਰ ਵਿੱਚ ਹੈਰੋਇਨ ਸਪਲਾਈ ਕਰਦਾ ਸੀ। ਜਿਸ ਤੋਂ ਬਾਅਦ ਹੁਣ ਪੁਲਿਸ ਨੇ ਹੁਣ ਉਹਨਾਂ ਲੜਕਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।
ਅਸਲ ‘ਚ ਅੰਮ੍ਰਿਤਸਰ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਸਾਥੀ ਗੈਂਗਸਟਰ ਅਤੇ ਸਮੱਗਲਰ ਸਾਜਨ ਕਲਿਆਣ ਨੂੰ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਸਾਜਨ ਦੇ ਨਾਲ ਹੀ ਪੁਲਿਸ ਨੇ ਉਸਦੇ ਤਿੰਨ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਸਾਜਨ ਕੋਲੋਂ ਤਿੰਨ ਪਿਸਤੌਲ, 13 ਕਾਰਤੂਸ ਅਤੇ ਇੱਕ ਹੁੰਡਈ ਵਰਨਾ ਕਾਰ ਵੀ ਬਰਾਮਦ ਕੀਤੇ ਸਨ। ਗ੍ਰਿਫਤਾਰੀ ਤੋਂ ਬਾਅਦ ਕਲਿਆਣ ਨੂੰ ਵੀਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਜਿਥੇ ਅਦਾਲਤ ਨੇ ਮੁਲਜ਼ਮ ਨੂੰ 6 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ।
ਏਡੀਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਕਈ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਜਨ ਕਲਿਆਣ 22 ਮਾਮਲਿਆਂ ਵਿਚ ਨਾਮਜ਼ਦ ਹੈ ਅਤੇ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਕਈ ਵਾਰ ਜੇਲ੍ਹ ਗਿਆ ਅਤੇ ਉੱਥੇ ਉਸ ਦੀ ਮੁਲਾਕਾਤ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੋਈ ਸੀ।
ਉਸੇ ਬੈਰਕ ਵਿਚ ਰਹਿ ਕੇ ਉਹ ਜੱਗੂ ਦਾ ਕਰਿੰਦਾ ਬਣ ਗਿਆ। ਫਿਰ ਜਦੋਂ ਉਹ ਜ਼ਮਾਨਤ ‘ਤੇ ਬਾਹਰ ਆਇਆ ਤਾਂ ਜੱਗੂ ਦੇ ਕਹਿਣ ‘ਤੇ ਉਸ ਨੇ ਹੈਰੋਇਨ ਦੀ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਜਨ ਕਲਿਆਣ ਨੇ ਪੰਜ-ਪੰਜ ਗ੍ਰਾਮ ਵਿੱਚ 12 ਕਿਲੋ ਤੋਂ ਵੱਧ ਹੈਰੋਇਨ ਸਪਲਾਈ ਕੀਤੀ ਹੈ। ਜੱਗੂ ਦੇ ਕਹਿਣ ‘ਤੇ ਉਸ ਨੇ ਚਾਰ ਵੱਡੀਆਂ ਖੇਪਾਂ ਵੰਡ ਚੁੱਕਿਆ ਹੈ।
ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਆਪਣਾ ਨੈੱਟਵਰਕ ਚਲਾਉਣ ਲਈ ਆਪਰੇਟਿਵਾਂ ਦੀ ਲੋੜ ਸੀ। ਇਸ ਦੇ ਲਈ ਉਸ ਨੇ ਫੈਜ਼ਪੁਰਾ, ਨਵੀ ਆਬਾਦੀ ਅਤੇ ਰਤਨ ਸਿੰਘ ਚੌਕ ਦੇ ਕੁਝ ਨਾਬਾਲਗਾਂ ਨੂੰ ਆਪਣੇ ਗਰੋਹ ਵਿੱਚ ਸ਼ਾਮਲ ਕੀਤਾ। ਜਦੋਂ ਨਾਬਾਲਗ ਹੈਰੋਇਨ ਸਪਲਾਈ ਕਰਨ ਜਾਂਦੇ ਤਾਂ ਪੁਲਿਸ ਨੂੰ ਉਨ੍ਹਾਂ ‘ਤੇ ਸ਼ੱਕ ਘੱਟ ਹੁੰਦਾ ਸੀ।
ਪੁਲਿਸ ਗਿਰੋਹ ਦੇ ਮੈਂਬਰਾਂ ਨੂੰ ਫੜਨ ਦੀ ਯੋਜਨਾ ਬਣਾ ਰਹੀ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਜੱਗੂ ਦੇ ਤਿਹਾੜ ਜੇਲ ਜਾਣ ਤੋਂ ਬਾਅਦ ਹੁਣ ਸਾਜਨ ਵੀ ਆਪਣੇ ਪੱਧਰ ‘ਤੇ ਪਾਕਿਸਤਾਨ ‘ਚ ਬੈਠੇ ਹੈਰੋਇਨ ਸਮੱਗਲਰਾਂ ਦੇ ਸੰਪਰਕ ‘ਚ ਆ ਗਿਆ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕਲਿਆਣ ਕਿੰਨੀ ਵਾਰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ ਜਾ ਕੇ ਹੈਰੋਇਨ ਦੀ ਖੇਪ ਲਿਆਇਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਲਿਆਣ ਦੀ ਮਾਂ ਸਵਿੰਦਰ ਕੌਰ ਅਤੇ ਪਤਨੀ ਪ੍ਰਿਆ ਨੂੰ 320 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਲਿਆਣ ਦੇ ਜੀਜਾ ਦਾ ਵੀ ਨਸ਼ਾ ਤਸਕਰੀ ਦੇ ਦੋ ਮਾਮਲਿਆਂ ਵਿੱਚ ਨਾਮ ਹੈ।