- ਮੋਹਾਲੀ ਏਅਰਪੋਰਟ ਤੋਂ ਗੁਜਰਾਤ ਲਈ ਏਅਰਲਿਫਟ ਕੀਤਾ ਗਿਆ
ਮੋਹਾਲੀ, 24 ਅਗਸਤ 2023 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਲਿਜਾਇਆ ਗਿਆ ਹੈ। ਗੁਜਰਾਤ ਪੁਲਿਸ ਲਾਰੈਂਸ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਨਾਲ ਲੈ ਗਈ ਹੈ। ਪੁਲੀਸ ਉਸ ਕੋਲੋਂ ਗੁਜਰਾਤ ਵਿੱਚ ਦਰਜ ਹੈਰੋਇਨ ਨਾਲ ਸਬੰਧਤ ਐਨਡੀਪੀਐਸ ਕੇਸ ਵਿੱਚ ਪੁੱਛਗਿੱਛ ਕਰੇਗੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰਲਿਫਟ ਕੀਤਾ ਗਿਆ ਹੈ। ਪੁਲੀਸ ਟੀਮ ਨੇ ਲਾਰੈਂਸ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਸੀ ਅਤੇ ਕੱਲ੍ਹ ਦੁਪਹਿਰ 3.30 ਵਜੇ ਮੋਹਾਲੀ ਹਵਾਈ ਅੱਡੇ ’ਤੇ ਲੈ ਕੇ ਆਈ ਸੀ। ਫਿਰ ਉਸ ਨੂੰ ਸ਼ਾਮ 7 ਵਜੇ ਦੀ ਫਲਾਈਟ ਰਾਹੀਂ ਗੁਜਰਾਤ ਲਿਜਾਇਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਸਟਰ ਲਾਰੈਂਸ ਕਿਸੇ ਫਿਲਮੀ ਅਦਾਕਾਰ ਜਾਂ ਮਸ਼ਹੂਰ ਹਸਤੀਆਂ ਵਾਂਗ ਪੁਲਿਸ ਦੇ ਘੇਰੇ ਵਿੱਚ ਮੁਹਾਲੀ ਏਅਰਪੋਰਟ ਲਿਆਂਦਾ ਗਿਆ।
ਸੰਤਰੀ ਰੰਗ ਦੀ ਟੀ-ਸ਼ਰਟ ਪਹਿਨੇ, ਲਾਰੈਂਸ ਨੂੰ ਪੁਲਿਸ ਸੁਰੱਖਿਆ ਦੇ ਵਿਚਕਾਰ ਦੇਖਿਆ ਗਿਆ। ਉਸ ਨੇ ਕਾਲੇ ਚਸ਼ਮੇ ਪਾਏ ਹੋਏ ਸਨ। ਉਸਦੇ ਹੱਥ ਵਿੱਚ ਇੱਕ ਬੈਗ ਵੀ ਫੜਿਆ ਹੋਇਆ ਸੀ। ਮੋਹਾਲੀ ਏਅਰਪੋਰਟ ‘ਤੇ ਪੁਲਸ ਦੇ ਘੇਰੇ ‘ਚ ਲਾਰੈਂਸ ਨੂੰ ਐਨੀ ਬੇਫਿਕਰੀ ਨਾਲ ਜਾਂਦਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਜ਼ਿਕਰਯੋਗ ਹੈ ਕਿ ਸਤੰਬਰ 2002 ਵਿੱਚ ਦਰਜ ਹੋਏ ਕੇਸ ਮੁਤਾਬਕ ਗੁਜਰਾਤ ਵਿੱਚ ਕਰੋੜਾਂ ਰੁਪਏ ਦੀ ਹੈਰੋਇਨ ਡਰੱਗ ਬਰਾਮਦ ਹੋਈ ਸੀ। ਗੁਜਰਾਤ ਏਟੀਐਸ ਦੀ ਜਾਂਚ ਵਿੱਚ ਲਾਰੈਂਸ ਦਾ ਨਾਮ ਸਾਹਮਣੇ ਆਇਆ ਸੀ। ਲਾਰੈਂਸ ਤੋਂ ਪਹਿਲਾਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਅਤੇ ਹੁਣ ਉਸ ਨੂੰ ਮੁੜ ਪੁੱਛਗਿੱਛ ਲਈ ਗੁਜਰਾਤ ਪੁਲਿਸ ਨੇ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ।