ਬਠਿੰਡਾ, 28 ਜੂਨ 2022 – ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਇੱਕ ਹੋਰ ਮੁਲਜ਼ਮ ਗੈਂਗਸਟਰ ਸਾਰਜ ਮਿੰਟੂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਪੁਲੀਸ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਸਾਰਜ ਮਿੰਟੂ ਨੂੰ ਰਿਮਾਂਡ ’ਤੇ ਲੈ ਕੇ ਆਈ ਹੈ। ਪੁਲੀਸ ਨੇ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਜੇਲ੍ਹ ‘ਚ ਵੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਸਨ।
ਅੰਮ੍ਰਿਤਸਰ ਦੇ ਰਹਿਣ ਵਾਲੇ ਸਾਰਜ ਮਿੰਟੂ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਨਸ਼ਾ ਤਸਕਰੀ, ਹਥਿਆਰ ਰੱਖਣ ਦੇ ਡੇਢ ਦਰਜਨ ਤੋਂ ਵੱਧ ਕੇਸ ਦਰਜ ਹਨ। ਇਕ ਹਫਤਾ ਪਹਿਲਾਂ ਸਾਰਜ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ। ਸਾਰਜ ਦੀਆਂ ਇਹ ਤਸਵੀਰਾਂ ਜੇਲ੍ਹ ਦੇ ਅੰਦਰ ਲਈਆਂ ਗਈਆਂ ਹਨ। ਜੇਲ੍ਹ ਦੀ ਕੰਧ ਦੇ ਨੇੜੇ, ਖੁੱਲ੍ਹੇ ਵਿਚ ਇਕ ਫੋਟੋ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਸੀ।
ਉਸ ਨੇ ਆਪਣੀਆਂ ਬੈਰਕਾਂ ‘ਚ ਆਪਣੇ ਦੋਸਤਾਂ ਨਾਲ ਕੁਝ ਤਸਵੀਰਾਂ ਖਿੱਚ ਕੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ ਸਾਰਜ ਮਿੰਟੂ ਨੇ ਜੇਲ੍ਹ ਦੇ ਬਾਹਰ ਘੁੰਮ ਰਹੇ ਸਾਥੀਆਂ ਨੂੰ ਜੇਲ੍ਹ ਦੀਆਂ ਤਸਵੀਰਾਂ ਭੇਜੀਆਂ ਹਨ। ਮਿੰਟੂ ਜੇਲ੍ਹ ‘ਚ ਗੁਪਤ ਤੌਰ ‘ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਿਹਾ ਹੈ, ਜਿਸ ਦੇ ਆਧਾਰ ‘ਤੇ ਬਠਿੰਡਾ ਪੁਲਿਸ ਨੇ ਹੁਣ ਮੁਲਜ਼ਮ ਨੂੰ ਰਿਮਾਂਡ ‘ਤੇ ਲਿਆ ਹੈ।
ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕੇਂਦਰੀ ਜਾਂਚ ਏਜੰਸੀ (ਸੀਆਈਏ) ਨੇ ਸਾਰਜ ਮਿੰਟੂ ਨੂੰ ਰਿਮਾਂਡ ‘ਤੇ ਲਿਆ ਸੀ। ਸਾਰਜ ‘ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਕਾਤਲਾਂ ਨੂੰ ਗੱਡੀਆਂ ਮੁਹੱਈਆ ਕਰਵਾਉਣ ਦਾ ਦੋਸ਼ ਸੀ। ਸੀਆਈਏ ਵੱਲੋਂ ਜਾਂਚ ਪੂਰੀ ਹੋਣ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਹੁਣ ਉਸ ਨੂੰ ਮੁੜ ਰਿਮਾਂਡ ’ਤੇ ਲਿਆ ਗਿਆ ਹੈ।
ਉਹ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਇਕ ਹਿੰਦੂ ਨੇਤਾ ਦਾ ਕਤਲ ਕਰਕੇ ਸੁਰਖੀਆਂ ‘ਚ ਆਇਆ ਸੀ। ਸਾਰਜ ਮਿੰਟੂ ਨੇ ਅਕਤੂਬਰ 2017 ਵਿੱਚ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਗੈਂਗਸਟਰ ਮਿੰਟੂ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੈਂਗ ਦਾ ਮੈਂਬਰ ਹੈ। ਇਸ ਤੋਂ ਇਲਾਵਾ ਉਸ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਫਿਰੌਤੀ ਆਦਿ ਦੇ ਕਰੀਬ 18 ਕੇਸ ਦਰਜ ਹਨ। ਜਿਸ ਦੀ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ।