- ਬੰਬੀਹਾ ਗਰੁੱਪ ਦਾ ਹੈ ਗੈਂਗਸਟਰ ਜੱਸਾ,
- ਸਿੰਗਰਾਂ ਦੇ ਘਰ ‘ਤੇ ਫਾ+ਇਰਿੰ+ਗ ਕਰਨ ਦੀ ਬਣਾ ਰਿਹਾ ਸੀ ਯੋਜਨਾ
ਚੰਡੀਗੜ੍ਹ, 17 ਜੂਨ 2023 – ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਕਰਨ ਔਜਲਾ ਨੂੰ ਧਮਕੀਆਂ ਦੇਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਦੀ ਪਛਾਣ ਜਸਵੰਤ ਸਿੰਘ ਉਰਫ ਜੱਸਾ ਵਜੋਂ ਹੋਈ ਹੈ। ਉਸ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਸ਼ੰਭੂ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਅਧਿਕਾਰੀਆਂ ਅਨੁਸਾਰ ਜਸਵੰਤ ਉਰਫ਼ ਜੱਸਾ ਹੁਸ਼ਿਆਰਪੁਰੀਆ ਆਪਣਾ ਗੈਂਗ ਵੀ ਚਲਾਉਂਦਾ ਸੀ। ਇਹ ਬੰਬੀਹਾ ਗੈਂਗ ਦੇ ਨਾਲ-ਨਾਲ ਕੌਸ਼ਲ ਚੌਧਰੀ ਗੈਂਗ ਲਈ ਵੀ ਕੰਮ ਕਰਦਾ ਸੀ। ਜਸਵੰਤ ਸਿੰਘ ਜੱਸਾ ਨੇ ਸੋਸ਼ਲ ਮੀਡੀਆ ‘ਤੇ ਗਾਇਕ ਸ਼ੈਰੀ ਮਾਨ ਅਤੇ ਕਰਨ ਔਜਲਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਗੈਂਗਸਟਰ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ‘ਚ ਸੀ। ਉਸ ਨੇ ਗਾਇਕਾਂ ਦੇ ਘਰ ਦੇ ਬਾਹਰ ਗੋਲੀ ਚਲਾਉਣ ਦੀ ਯੋਜਨਾ ਵੀ ਬਣਾਈ ਸੀ। ਉਸ ਨੇ ਜੱਸਾ ਹੁਸ਼ਿਆਰਪੁਰੀਆ ਦੇ ਨਾਂ ਨਾਲ ਇਕ ਗਰੁੱਪ ਬਣਾਇਆ ਸੀ।
ਮੁਲਜ਼ਮਾਂ ਨੂੰ ਪਤਾ ਸੀ ਕਿ ਦੋਵੇਂ ਗਾਇਕ ਵਿਦੇਸ਼ ਵਿੱਚ ਹਨ, ਪਰ ਫਿਰ ਵੀ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਚਲਾਉਣ ਦੀ ਯੋਜਨਾ ਬਣਾਈ ਸੀ। ਗੋਲੀਬਾਰੀ ਦੀਆਂ ਸਾਰੀਆਂ ਤਿਆਰੀਆਂ ਜੱਸਾ ਨੇ ਇੱਕ ਹੋਰ ਗੈਂਗਸਟਰ ਨਾਲ ਮਿਲ ਕੇ ਕਰ ਲਈਆਂ ਸਨ। ਪੁਲਿਸ ਵੱਲੋਂ ਉਸ ਨੂੰ ਫੜਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਦੱਸ ਦੇਈਏ ਕਿ ਕੈਲੀਫੋਰਨੀਆ ਦੇ ਬੇਕਰਸਫੀਲਡ ‘ਚ ਆਯੋਜਿਤ ਪ੍ਰੋਗਰਾਮ ਦੀ ਵੀਡੀਓ ‘ਚ ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਕਰਨ ਔਜਲਾ ਨਾਲ ਸਟੇਜ ‘ਤੇ ਨਜ਼ਰ ਆਇਆ। ਇਸ ਦੌਰਾਨ ਉਹ ਇਕੱਠੇ ਸੈਲਫੀ ਲੈਂਦੇ ਵੀ ਨਜ਼ਰ ਆਏ। ਇਸ ‘ਤੇ ਜੱਸਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਧਮਕੀ ਦਿੱਤੀ ਸੀ।
ਪੋਸਟ ‘ਚ ਲਿਖਿਆ ਗਿਆ ਸੀ ਕਿ ਤੁਸੀਂ ਜਿੰਨਾ ਮਰਜ਼ੀ ਸਪੱਸ਼ਟੀਕਰਨ ਦਿੰਦੇ ਰਹੋ, ਤੁਹਾਨੂੰ ਜ਼ਰੂਰ ਹਿਸਾਬ ਦਿੱਤਾ ਜਾਵੇਗਾ। ਇਸੇ ਪੋਸਟ ਵਿੱਚ ਗੈਂਗਸਟਰ ਲਾਰੈਂਸ ਨੂੰ ਵੀ ਧਮਕੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਜੇਲ੍ਹ ‘ਚੋਂ ਉਸ ਦੀ ਇੰਟਰਵਿਊ ਨੂੰ ਲੈ ਕੇ ਮੀਡੀਆ ‘ਤੇ ਸਵਾਲ ਉਠਾਏ ਗਏ ਸਨ। ਨਾਲ ਹੀ ਕਿਹਾ ਕਿ ਇਸ ਬਹਾਨੇ ਉਸ ਨੂੰ ਮਸ਼ਹੂਰ ਕੀਤਾ ਜਾ ਰਿਹਾ ਹੈ।