ਮੋਹਾਲੀ, 18 ਨਵੰਬਰ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਨੇ 17 ਨਵੰਬਰ ਨੂੰ ਜਾਅਲੀ ਪਾਸਪੋਰਟ ਦੇ ਮਾਮਲੇ ਵਿੱਚ ਗੁਪਤ ਰੂਪ ਵਿੱਚ ਮੁਹਾਲੀ ਲਿਆਂਦਾ ਸੀ। ਪੁਲੀਸ ਨੇ ਟੀਨੂੰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਉਸ ਦੇ ਰਿਮਾਂਡ ਦੀ ਮੰਗ ਕੀਤੀ ਹੈ। ਅਦਾਲਤ ਨੇ ਟੀਨੂੰ ਨੂੰ 25 ਨਵੰਬਰ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ।
ਪੁਲੀਸ ਟੀਨੂੰ ਤੋਂ ਫਰਜ਼ੀ ਪਾਸਪੋਰਟ ਕੇਸ ਸਮੇਤ ਹੋਰ ਘਟਨਾਵਾਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ। ਟੀਨੂੰ ਦਾ ਜਾਅਲੀ ਪਾਸਪੋਰਟ ਕਿਸ ਨੇ ਬਣਾਇਆ ਸੀ, ਇਸ ਦਾ ਪਤਾ ਲਗਾਉਣ ਦੇ ਨਾਲ-ਨਾਲ ਪੁਲਸ ਉਸ ਦੇ ਹੋਰ ਫਰਾਰ ਸਾਥੀਆਂ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ। ਟੀਨੂੰ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਹੋਰ ਕਿੰਨੇ ਸਾਥੀਆਂ ਨੇ ਜਾਅਲੀ ਪਾਸਪੋਰਟ ਬਣਾਏ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਈ ਸੀ। ਫਿਲਹਾਲ ਟੀਨੂੰ ਦੇ ਕਈ ਸਾਥੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਮੂਸੇਵਾਲਾ ਕਤਲ ਕਾਂਡ ‘ਚ ਦੀਪਕ ਟੀਨੂੰ ਦੀ ਭੂਮਿਕਾ ਨੂੰ ਲੈ ਕੇ ਅਜੇ ਤੱਕ ਇਹ ਦੇਖਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲੇ ਸ਼ੂਟਰਾਂ ‘ਚ ਉਹ ਵੀ ਸ਼ਾਮਲ ਸੀ। ਟੀਨੂੰ ਵੀ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਹੈ। ਕੁਝ ਦਿਨ ਪਹਿਲਾਂ ਮਾਨਸਾ ਦੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਲਾਪਰਵਾਹੀ ਕਾਰਨ ਉਹ ਆਸਾਨੀ ਨਾਲ ਫਰਾਰ ਹੋ ਗਿਆ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਨੂੰ ਅਜਮੇਰ ਦੇ ਕੇਕਰੀ ਤੋਂ ਗ੍ਰਿਫ਼ਤਾਰ ਕੀਤਾ ਸੀ। ਸਪੈਸ਼ਲ ਸੈੱਲ ਨੇ ਟੀਨੂੰ ਦੇ ਕਬਜ਼ੇ ‘ਚੋਂ 5 ਹੈਂਡ ਗ੍ਰਨੇਡ ਅਤੇ 2 ਸੈਮੀ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤੇ ਹਨ। ਉਹ ਅਜ਼ਰਬਾਈਜਾਨ ‘ਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ‘ਚ ਸੀ। ਲਾਰੈਂਸ ਦਾ ਖਾਸ ਟੀਨੂੰ ਏ-ਕੈਟਾਗਰੀ ਦਾ ਗੈਂਗਸਟਰ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਉਸਦੀ ਭੂਮਿਕਾ ਸੀ।
ਇਸ ਤੋਂ ਪਹਿਲਾਂ ਟੀਨੂੰ ਦੀ ਪ੍ਰੇਮਿਕਾ ਨੂੰ ਪੁਲਿਸ ਨੇ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਪ੍ਰੇਮਿਕਾ ਨੇ ਖੁਲਾਸਾ ਕੀਤਾ ਸੀ ਕਿ ਮੁਲਜ਼ਮ ਟੀਨੂੰ ਕੋਲ ਕਰੀਬ 10 ਲੱਖ ਰੁਪਏ ਸਨ। ਦੱਸ ਦੇਈਏ ਕਿ ਟੀਨੂੰ 1-2 ਅਕਤੂਬਰ ਦੀ ਰਾਤ ਨੂੰ ਪੰਜਾਬ ਦੀ ਮਾਨਸਾ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਸੀ। ਇਸ ਵਿੱਚ ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਦੀ ਭੂਮਿਕਾ ਦਾ ਖੁਲਾਸਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਗੈਂਗਸਟਰ ਟੀਨੂੰ ਜੇਲ੍ਹ ਤੋਂ ਹੀ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਆਇਆ ਸੀ। ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਟੀਨੂੰ ਕੋਲੋਂ ਮੋਬਾਈਲ ਵੀ ਬਰਾਮਦ ਹੋਇਆ ਸੀ। ਜੇਲ੍ਹ ਵਿੱਚ ਬੈਠ ਕੇ ਉਸ ਨੇ ਫਰਾਰ ਹੋਣ ਦੀ ਪੂਰੀ ਯੋਜਨਾ ਬਣਾ ਲਈ ਸੀ। ਸਬ-ਇੰਸਪੈਕਟਰ ਨੂੰ ਹਥਿਆਰਾਂ ਦੀ ਬਰਾਮਦਗੀ ਦਾ ਝਾਂਸਾ ਦੇ ਦਿੱਤਾ ਗਿਆ। ਸੂਤਰਾਂ ਦੀ ਮੰਨੀਏ ਤਾਂ ਪੁਲਸ ਹਿਰਾਸਤ ‘ਚੋਂ ਫਰਾਰ ਹੋਣ ਤੋਂ ਬਾਅਦ ਉਹ ਕੈਨੇਡਾ, ਅਮਰੀਕਾ ਜਾਂ ਨੇਪਾਲ ਦੇ ਰਸਤੇ ਦੁਬਈ ਭੱਜਣ ਦੀ ਯੋਜਨਾ ਬਣਾ ਰਿਹਾ ਸੀ, ਜਿਸ ਦੇ ਮੱਦੇਨਜ਼ਰ ਉਸ ਦਾ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।
ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਇੱਕ ਚਿੱਤਰਕਾਰ ਹਨ। ਟੀਨੂੰ ‘ਤੇ ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ, ਦਿੱਲੀ ‘ਚ ਕਤਲ, ਕਤਲ ਦੀ ਕੋਸ਼ਿਸ਼ ਸਮੇਤ 35 ਤੋਂ ਵੱਧ ਮਾਮਲੇ ਦਰਜ ਹਨ। ਉਹ ਪਿਛਲੇ 11 ਸਾਲਾਂ ਤੋਂ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੇ ਭਿਵਾਨੀ ਵਿੱਚ ਬੰਟੀ ਮਾਸਟਰ ਦਾ ਕਤਲ ਕੀਤਾ ਸੀ।
ਪੰਜਾਬ ਵਿੱਚ ਗੈਂਗਸਟਰ ਲਵੀ ਦਿਓੜਾ ਮਾਰਿਆ ਗਿਆ ਸੀ। ਉਸਦਾ ਛੋਟਾ ਭਰਾ ਚਿਰਾਗ ਵੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ। ਟੀਨੂੰ ਦਾ ਲੁਧਿਆਣਾ ਵਿੱਚ ਵੱਡਾ ਨੈੱਟਵਰਕ ਹੈ। ਟੀਨੂੰ ਲੁਧਿਆਣਾ ਵਿੱਚ ਨਜਾਇਜ਼ ਵਸੂਲੀ ਅਤੇ ਨਸ਼ੇ ਦਾ ਕਾਰੋਬਾਰ ਕਰਦਾ ਰਿਹਾ ਹੈ। ਟੀਨੂੰ ਨੂੰ ਭਜਾਉਣ ਵਾਲੇ 3 ਨੌਜਵਾਨਾਂ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।