ਜਲੰਧਰ, 16 ਜੂਨ 2022 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਜਲੰਧਰ ‘ਚ ਲੋਕਾਂ ਨੂੰ ਸੰਬੋਧਨ ਕਰਨ ਮੌਕੇ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਪੰਜਾਬ ਵਿੱਚ ਗੈਂਗਸਟਰਵਾਦ ਪੈਦਾ ਕੀਤਾ ਅਤੇ ਅਪਰਾਧੀਆਂ ਨੂੰ ਖੁੱਲ੍ਹੀ ਸੁਰੱਖਿਆ ਦਿੱਤੀ। ਹੁਣ ਜਲਦੀ ਹੀ ਗੈਂਗਸਟਰ ਸਲਾਖਾਂ ਪਿੱਛੇ ਹੋਣਗੇ। ਜਲਦੀ ਹੀ ਪੰਜਾਬ ਵਿੱਚੋਂ ਇਨ੍ਹਾਂ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਦਾ ਪ੍ਰਣ ਲਿਆ। ਕੇਜਰੀਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਬੁੱਧਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ, ਨਵੀਂ ਦਿੱਲੀ ਲਈ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਲਈ ਪਹੁੰਚੇ ਸਨ।
ਕੇਜਰੀਵਾਲ ਕਿਹਾ ਕਿ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਘਟਨਾ ਨੂੰ ਤਿੰਨ ਦਿਨਾਂ ਵਿੱਚ ਹੱਲ ਕਰ ਲਿਆ ਹੈ। ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਦੋਸ਼ੀਆਂ ਨੂੰ ਦਿੱਲੀ ਤੋਂ ਪੰਜਾਬ ਲੈ ਆਈ ਹੈ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ 2017 ਦੇ ਮੌੜ ਮੰਡੀ ਬਲਾਸਟ ਦੀ ਕਾਂਗਰਸ ਸਰਕਾਰ ਨੇ ਪੰਜ ਸਾਲਾਂ ਵਿੱਚ ਵੀ ਹੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਵੀ.ਆਈ.ਪੀ ਕਲਚਰ ਨੂੰ ਖ਼ਤਮ ਕਰਨ ਤੋਂ ਇਲਾਵਾ ਕੈਦੀਆਂ ਵਿੱਚ ਅਨੁਸ਼ਾਸਨ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਤਾਂ ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਵੀ ਨਹੀਂ ਆਉਣ ਦਿੱਤੇ ਜਾ ਰਹੇ ਹਨ।
ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੂਬੇ ‘ਚ ਭ੍ਰਿਸ਼ਟਾਚਾਰ ‘ਤੇ ਸਿੱਧਾ ਅਤੇ ਸਖਤ ਹਮਲਾ ਕੀਤਾ ਹੈ। ਦੇਸ਼ ਵਿੱਚ ਅਜਿਹੀ ਇਮਾਨਦਾਰ ਸਰਕਾਰ ਦੀ ਮਿਸਾਲ ਮਿਲਣੀ ਔਖੀ ਹੈ, ਜਿਸ ਨੇ ਆਪਣੇ ਹੀ ਮੰਤਰੀ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੋਵੇ। ਟਰਾਂਸਪੋਰਟ ਅਤੇ ਟਰਾਂਸਪੋਰਟ ਮਾਫੀਆ ਖਿਲਾਫ ਵੀ ਜੰਗ ਸ਼ੁਰੂ ਕਰ ਦਿੱਤੀ ਗਈ ਹੈ।