ਡੇਰਾਬੱਸੀ, 19 ਮਈ 2023 – ਪੰਜਾਬ ਦੇ ਡੇਰਾਬੱਸੀ ‘ਚ ਬਰਵਾਲਾ ਰੋਡ ‘ਤੇ ਸਥਿਤ ਸੌਰਵ ਕੈਮੀਕਲ ਨਾਮ ਦੀ ਫੈਕਟਰੀ ‘ਚ ਵੀਰਵਾਰ ਰਾਤ 2 ਵਜੇ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਆਸਪਾਸ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ। ਇਸ ਦਾ ਪਤਾ ਲੱਗਦਿਆਂ ਹੀ ਬਚਾਅ ਟੀਮ, ਪ੍ਰਦੂਸ਼ਣ ਵਿਭਾਗ ਅਤੇ ਮੈਡੀਕਲ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ।
ਫੈਕਟਰੀ ਵਿੱਚ ਰਾਤ ਦੀ ਸ਼ਿਫਟ ਵਿੱਚ ਕਰੀਬ 50 ਮਜ਼ਦੂਰ ਕੰਮ ਕਰ ਰਹੇ ਸਨ ਜਦੋਂ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਸਾਰੇ ਮਜ਼ਦੂਰਾਂ ਦੀ ਸਿਹਤ ਵਿਗੜਨ ਲੱਗੀ ਅਤੇ ਉਹ ਫੈਕਟਰੀ ਤੋਂ ਬਾਹਰ ਭੱਜ ਗਏ। ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀ ਵੀ ਇਸ ਮਾਮਲੇ ‘ਤੇ ਚੁੱਪ ਧਾਰੀ ਬੈਠੇ ਹਨ।
30 ਅਪ੍ਰੈਲ ਨੂੰ ਲੁਧਿਆਣਾ ‘ਚ ਗੈਸ ਲੀਕ ਹੋਣ ਦੀ ਘਟਨਾ ‘ਚ 11 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੈਸ ਲੀਕ ਹੋਣ ਦੀ ਦੂਜੀ ਘਟਨਾ 11 ਮਈ ਨੂੰ ਨੰਗਲ ਵਿੱਚ ਵਾਪਰੀ। ਇੱਥੇ ਇੱਕ ਸਕੂਲ ਦੇ ਬੱਚਿਆਂ ਅਤੇ ਹੋਰਾਂ ਨੂੰ ਗੈਸ ਚੜ੍ਹ ਗਈ। ਹੁਣ ਡੇਰਾਬੱਸੀ ਵਿੱਚ ਗੈਸ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪਰ ਮਾਹਰ ਅਜੇ ਤੱਕ ਗੈਸ ਲੀਕ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ ਹਨ।