ਕੇਂਦਰ ਨਾਲ ਰਾਬਤਾ ਕਰਕੇ ਗੱਤਕਾ ਖੇਡ ਵੀ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਲਿਆਂਦੀ ਜਾਵੇਗੀ – ਢੀਂਡਸਾ

  • ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ 25 ਕੋਚਾਂ ਦੀ ਹੋਰ ਭਰਤੀ ਕੀਤੀ ਜਾਵੇਗੀ-ਲੌਂਗੋਵਾਲ
  • ਅੰਡਰ-19 ਵਿੱਚ ਫ਼ਿਰੋਜ਼ਪੁਰ ਦੀ ਟੀਮ ਨੇ ਓਵਰਆਲ ਚੈਂਪੀਅਨਸ਼ਿਪ ਤੇ ਕੀਤਾ ਕਬਜ਼ਾ

ਮਸਤੂਆਣਾ ਸਾਹਿਬ, 16 ਨਵੰਬਰ 2022 – ਸੂਬੇ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਰਾਬਤਾ ਕਰਕੇ ਹੋਰਨਾਂ ਖੇਡਾਂ ਵਾਂਗ ਗੱਤਕਾ ਖੇਡ ਵੀ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਸੈਂਟਰ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਉਚ ਪੱਧਰ ਦੀਆਂ ਖੇਡ ਤਕਨੀਕਾਂ ਤੇ ਵਧੀਆ ਕੋਚਿੰਗ ਹਾਸਲ ਕਰ ਸਕਣ।

ਉਹ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਚੱਲ ਰਹੀ ਚਾਰ ਰੋਜ਼ਾ ਗੱਤਕਾ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲਿਆਂ ਦੀ ਸ਼ੁਰੂਆਤ ਕਰਾਉਣ ਆਏ ਸਨ। ਉਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਵਰੋਸਾਈ ਇਸ ਮਾਣਮੱਤੀ ਕਲਾ ਨੂੰ ਬਤੌਰ ਮੁਕਾਬਲੇ ਵਾਲੀ ਖੇਡ ਤੇ ਸਵੈ ਰੱਖਿਆ ਦੀ ਕਲਾ ਵਜੋਂ ਹੋਰ ਵਿਕਸਤ ਕਰਨ ਦੀ ਲੋੜ ਹੈ ਤਾਂ ਜੋ ਇਸ ਖੇਡ ਦਾ ਪ੍ਰਚਾਰ ਤੇ ਪਸਾਰ ਦੁਨੀਆਂ ਭਰ ਵਿੱਚ ਹੋ ਸਕੇ। ਉਨਾਂ ਇਸ ਮੌਕੇ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਗੱਤਕਾ ਐਸੋਸੀਏਸ਼ਨ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿੱਤਾ।

ਇਸੇ ਦੌਰਾਨ ਅੱਜ ਹੋਏ ਫਾਈਨਲ ਮੁਕਾਬਲਿਆਂ ਦੌਰਾਨ ਅੰਡਰ-19 ਸਾਲ ਗੱਤਕਾ ਮੁਕਾਬਲਿਆਂ ਦੌਰਾਨ ਫ਼ਿਰੋਜ਼ਪੁਰ ਦੀ ਟੀਮ ਵੱਲੋਂ ਓਵਰਆਲ ਚੈਂਪੀਅਨਸ਼ਿਪ ਤੇ ਕਬਜ਼ਾ ਕੀਤਾ ਗਿਆ ਜਦੋਂ ਕਿ ਬਠਿੰਡਾ ਅਤੇ ਮੋਗਾ ਦੀਆਂ ਟੀਮਾਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਇਸ ਮੌਕੇ ਗੱਤਕਾ ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਫਿਰੋਜ਼ਪੁਰ ਨੇ ਪਹਿਲਾ ਸਥਾਨ, ਹੁਸ਼ਿਆਰਪੁਰ ਨੇ ਦੂਸਰਾ, ਨਵਾਂਸ਼ਹਿਰ ਅਤੇ ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ। ਗੱਤਕਾ ਸੋਟੀ ਟੀਮ ਈਵੈਂਟ ਵਿਚ ਫਿਰੋਜ਼ਪੁਰ ਨੇ ਪਹਿਲਾ, ਬਠਿੰਡਾ ਨੇ ਦੂਸਰਾ ਜਦਕਿ ਫਰੀਦਕੋਟ ਅਤੇ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਫੱਰੀ-ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਪਟਿਆਲਾ ਨੇ ਪਹਿਲਾ, ਬਠਿੰਡਾ ਨੇ ਦੂਜਾ, ਜਦਕਿ ਮੋਗਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਫੱਰੀ ਸੋਟੀ ਟੀਮ ਈਵੈਂਟ ਮੁਕਾਬਲੇ ਵਿਚ ਫਿਰੋਜ਼ਪੁਰ ਨੇ ਪਹਿਲਾ ਸਥਾਨ, ਮੋਗਾ ਦੀ ਟੀਮ ਨੇ ਦੂਸਰਾ, ਪਟਿਆਲਾ ਅਤੇ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਗੱਤਕਾ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਦੇ ਸ਼ੈਸਨ ਦ‍ਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਸਮੇਤ ਹੋਰ ਮੋਹਤਬਰ ਸ਼ਖਸੀਅਤਾਂ ਮੌਜੂਦ ਸਨ।

ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਭਵਿੱਖ ਵਿੱਚ ਜਲਦੀ ਹੀ ਗੱਤਕੇ ਦੀ ਸਿਖਲਾਈ ਲਈ 25 ਦੇ ਕਰੀਬ ਹੋਰ ਗੱਤਕਾ ਕੋਚਾਂ ਦੀ ਭਰਤੀ ਕਰਕੇ ਹਰ ਜ਼ਿਲ੍ਹੇ ਵਿੱਚ ਇਕ-ਇਕ ਕੋਚ ਤੈਨਾਤ ਕੀਤਾ ਜਾਵੇਗਾ। ਇਸ ਮੌਕੇ ਅਕਾਲ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਤੇ ਹਾਜ਼ਰ ਖਿਡਾਰੀਆਂ ਕੋਚਾਂ ਅਤੇ ਕੌਂਸਲ ਮੈਂਬਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਭਾਈ ਲੌਂਗੋਵਾਲ ਅਤੇ ਭਾਈ ਬਹਿਣੀਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਗੱਤਕਾ ਐਸੋਸੀਏਸ਼ਨ ਪੰਜਾਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਪਹਿਲਾਂ ਜਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਬਾਲੀਆਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਜਸਵੰਤ ਸਿੰਘ ਖਹਿਰਾ ਵੱਲੋਂ ਧੰਨਵਾਦ ਕਰਨ ਉਪਰੰਤ ਮਹਿਮਾਨਾਂ ਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੀ ਪ੍ਰਿੰਸੀਪਲ ਡਾ. ਗੀਤਾ ਠਾਕੁਰ, ਸਾਈ ਸੈਂਟਰ ਦੇ ਇੰਚਾਰਜ ਪ੍ਰੇਮ ਸੁੱਖ, ਗੁਰਜੰਟ ਸਿੰਘ ਦੁੱਗਾਂ, ਮਾਸਟਰ ਭੁਪਿੰਦਰ ਸਿੰਘ, ਗਮਦੂਰ ਸਿੰਘ ਖਹਿਰਾ, ਸਿਆਸਤ ਸਿੰਘ ਗਿੱਲ, ਹਾਕਮ ਸਿੰਘ ਕਿਸਨਗੜ੍ਹੀਆ, ਚਰਨਜੀਤ ਸਿੰਘ ਸਿੱਧੂ, ਮਨਜੀਤ ਸਿੰਘ ਚੰਗਾਲ, ਕਾਲਾ ਸਿੰਘ ਖਹਿਰਾ, ਕੁਲਦੀਪ ਸਿੰਘ ਢੱਡਰੀਆ, ਬਿੰਦਰ ਸਿੰਘ ਢੱਡਰੀਆਂ, ਸੁਪਿੰਦਰ ਸਿੰਘ ਸਾਰੋ, ਮਨਪ੍ਰੀਤ ਸਿੰਘ ਲੌਂਗੋਵਾਲ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੇਂਗੂ ਵਿਰੁੱਧ ਜੰਗ ਤੇਜ਼ ਕੀਤੀ ਜਾਵੇਗੀ, ਪ੍ਰਭਾਵਿਤ ਖੇਤਰਾਂ ਵਿੱਚ ਫੋਗਿੰਗ ਅਤੇ ਨਿਗਰਾਨੀ ਵਧਾਈ ਜਾਵੇਗੀ: ਸਿਹਤ ਮੰਤਰੀ

ਸਾਬਕਾ MP ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਪੜ੍ਹੋ ਕੀ ਹੈ ਮਾਮਲਾ