ਮਾਨਸਾ, 16 ਜੁਲਾਈ 2023 – ਮਾਨਸਾ ਦੇ ਨੇੜਲੇ ਚਾਂਦਪੁਰਾ ਬੰਨ੍ਹ ਵਿਚ ਵੱਡਾ ਪਾੜ ਪੈ ਗਿਆ ਹੈ। ਵਿਧਾਨ ਸਭਾ ਹਲਕਾ ਬੁਢਲਾਡਾ ਦੀ ਹੱਦ ’ਤੇ ਪੰਜਾਬ ਦੇ ਆਖਰੀ ਪਿੰਡ ਗੋਰਖਨਾਥ ਕੋਲੋਂ ਦੀ ਲੰਘਦੀ ਘੱਗਰ ਨਦੀ ਦੇ ਚਾਂਦਪੁਰਾ ਬੰਨ੍ਹ ਵਿਚ ਪਾੜ ਪੈਣ ਤੋਂ ਬਾਅਦ ਘੱਗਰ ਨਦੀ ਦਾ ਪਾਣੀ ਚਾਂਦਪੁਰਾ, ਕੁਲਰੀਆਂ, ਚੱਕ ਅਲੀਸ਼ੇਰ, ਬਾਦਲਗੜ੍ਹ ਅਤੇ ਹੋਰ ਪਿੰਡਾਂ ਵੱਲ ਖੇਤੋਂ ਖੇਤੀ ਚੱਲਿਆ ਹੋਇਆ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਮਾਨਸਾ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਸ ਤੋਂ ਬਿਨਾ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ‘ਚ ਘੱਗਰ ਨਦੀ ਦਾ ਕਿਨਾਰਾ ਇਕ ਥਾਂ ‘ਤੇ ਅਤੇ ਰੰਗੋਈ ਨਾਲਾ ਦੋ ਥਾਵਾਂ ‘ਤੇ ਟੁੱਟ ਗਿਆ ਹੈ। ਇਸ ਕਾਰਨ ਫਤਿਹਾਬਾਦ ਦੇ 50 ਪਿੰਡਾਂ ਦੀ 42 ਹਜ਼ਾਰ ਏਕੜ ਫਸਲ ਪਾਣੀ ਵਿਚ ਡੁੱਬ ਗਈ। ਕੁਲਾਨ-ਜਾਖਲ ਰੋਡ ਬੰਦ ਹੋ ਗਿਆ ਹੈ। ਚਾਂਦਪੁਰਾ ਅਤੇ ਸਾਧਾਂਵਾਸ ਢਾਣੀ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ। 25 ਲੋਕਾਂ ਨੂੰ ਬਚਾਇਆ ਗਿਆ ਹੈ। ਸਿਰਸਾ ਵਿੱਚ ਵੀ ਘੱਗਰ ਨੇ ਤਿੰਨ ਥਾਵਾਂ ’ਤੇ ਬੰਨ੍ਹ ਤੋੜ ਦਿੱਤਾ ਹੈ। ਇਸ ਕਾਰਨ ਸਿਰਸਾ ਦੇ 8 ਪਿੰਡਾਂ ਵਿੱਚ 2500 ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਹਰਿਆਣਾ ਦੇ ਬਹਿ ਰਹੀ ਘੱਗਰ ਤੋਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ 35 ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਇੱਥੇ ਖੇਤ ਪਾਣੀ ਵਿੱਚ ਡੁੱਬ ਗਏ ਹਨ।
ਪੰਜਾਬ ਦੇ 14 ਜ਼ਿਲ੍ਹਿਆਂ ਦੇ 1390 ਪਿੰਡ ਪ੍ਰਭਾਵਿਤ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਸਕੀਮਾਂ ਦੀ ਮੁਰੰਮਤ ਲਈ 10 ਕਰੋੜ ਦਾ ਫੰਡ ਜਾਰੀ ਕੀਤਾ ਹੈ।