ਅੰਬਾਲਾ, 25 ਫਰਵਰੀ 2024 – ਹਰਿਆਣਾ ਦੇ ਅੰਬਾਲਾ ‘ਚ ਚੱਲਦੇ ਆਟੋ ਤੋਂ ਡਿੱਗਣ ਨਾਲ ਇਕ ਲੜਕੀ ਦੀ ਮੌਤ ਹੋ ਗਈ। ਲੜਕੀ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਆਪਣੀ ਮਾਂ ਨਾਲ ਆਟੋ ਵਿੱਚ ਬੈਠੀ ਸੀ। ਉਹ ਮੋਹਾਲੀ ਜਾਂਦੇ ਸਮੇਂ ਆਟੋ ਤੋਂ ਡਿੱਗ ਗਈ। ਪੁਲੀਸ ਨੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਦੀ ਪਛਾਣ ਮੀਰਾ (23) ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਫਰੇਂਦਾ ਪਿੰਡ ਦੀ ਰਹਿਣ ਵਾਲੀ ਹੈ।
ਮੀਰਾ ਦੀ ਮਾਂ ਚੰਦਕਾਲੀ ਨੇ ਦੱਸਿਆ ਕਿ ਉਹ ਮੋਹਾਲੀ ਦੇ ਪਿੰਡ ਤੋਗਾ ਵਿੱਚ ਕਿਰਾਏ ’ਤੇ ਰਹਿੰਦੀ ਹੈ। ਉਹ ਆਪਣੀ ਧੀ ਮੀਰਾ ਦਾ ਵਿਆਹ ਲਈ ਲੜਕਾ ਲੱਭਣ ਯੂਪੀ ਗਈ ਸੀ। ਦੋਵੇਂ ਸ਼ਨੀਵਾਰ ਰਾਤ ਰੇਲ ਗੱਡੀ ਰਾਹੀਂ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਪਹੁੰਚੇ। ਇੱਥੋਂ ਉਸ ਨੇ ਇੱਕ ਆਟੋ (HR37D-4404) ਕਿਰਾਏ ’ਤੇ ਲਿਆ। ਐਤਵਾਰ ਸਵੇਰੇ ਕਰੀਬ 4 ਵਜੇ ਦੋਵੇਂ ਅੰਬਾਲਾ ਛਾਉਣੀ ਤੋਂ ਤੋਗਾ ਲਈ ਰਵਾਨਾ ਹੋਏ।
ਔਰਤ ਨੇ ਦੱਸਿਆ ਕਿ ਉਹ ਆਟੋ ਦੀ ਵਿਚਕਾਰਲੀ ਸੀਟ ‘ਤੇ ਬੈਠੀ ਸੀ, ਉਸ ਦੀ ਬੇਟੀ ਮੀਰਾ ਆਟੋ ਦੀ ਸਾਈਡ ਸੀਟ ‘ਤੇ ਸੀ। ਆਟੋ ਵਿੱਚ 7/8 ਹੋਰ ਯਾਤਰੀ ਸਵਾਰ ਸਨ। ਡਰਾਈਵਰ ਬਹੁਤ ਹੀ ਲਾਪਰਵਾਹੀ ਨਾਲ ਆਟੋ ਚਲਾ ਰਿਹਾ ਸੀ। ਜਿਵੇਂ ਹੀ ਆਟੋ ਜੱਗੀ ਸਿਟੀ ਸੈਂਟਰ ਨੇੜੇ ਪਹੁੰਚਿਆ ਤਾਂ ਉਸਦੀ ਲੜਕੀ ਆਟੋ ਤੋਂ ਹੇਠਾਂ ਡਿੱਗ ਗਈ।
ਉਸ ਦੀ ਚੀਕ ਸੁਣ ਕੇ ਆਟੋ ਚਾਲਕ ਨੇ ਕਰੀਬ 100 ਮੀਟਰ ਦੂਰ ਆਟੋ ਨੂੰ ਰੋਕ ਲਿਆ। ਉਦੋਂ ਤੱਕ ਮੀਰਾ ਗੰਭੀਰ ਜ਼ਖਮੀ ਹੋ ਚੁੱਕੀ ਸੀ। ਉਸ ਦੇ ਮੱਥੇ ਅਤੇ ਸਿਰ ਸਮੇਤ ਸਰੀਰ ਦੇ ਕਈ ਹਿੱਸਿਆਂ ‘ਤੇ ਸੱਟਾਂ ਲੱਗੀਆਂ ਸਨ। ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਥੇ ਇਲਾਜ ਦੌਰਾਨ ਮੀਰਾ ਦੀ ਮੌਤ ਹੋ ਗਈ।
ਬਲਦੇਵ ਨਗਰ ਥਾਣੇ ਦੇ ਏਐਸਆਈ ਰਘੁਬੀਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਪੁਲੀਸ ਨੇ ਆਟੋ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 279/304ਏ ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।