ਲੁਧਿਆਣਾ, 20 ਜੂਨ 2024 – ਲੁਧਿਆਣਾ ‘ਚ ਇਕ ਲੜਕੀ ਦੀ ਹਥਿਆਰਾਂ ਨਾਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਹ ਹੀ ਨਹੀਂ ਉਸ ਲੜਕੀ ਨੇ ਥਾਣੇ ਦੇ ਅੰਦਰ ਵੀ ਰੀਲ ਬਣਾਈ ਹੈ। ਥਾਣੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੜਕੀ ਨੂੰ ਟਰੇਸ ਕਰ ਲਿਆ। ਜਦੋਂ ਪੁਲੀਸ ਮੁਲਾਜ਼ਮਾਂ ਨੇ ਉਸ ਤੋਂ ਰੀਲ ਬਣਾਉਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ।
ਇਹ ਮਾਮਲਾ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਲੜਕੀ ਨੇ ਪੁਲਿਸ ਥਾਣੇ ਅਤੇ ਹਥਿਆਰਾਂ ਨਾਲ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਰੀਲ ਲਈ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਸੋਸ਼ਲ ਮੀਡੀਆ ਪੇਜ ‘ਤੇ ਮੁਆਫੀ ਮੰਗੀ ਹੈ। ਉਕਤ ਲੜਕੀ ਨੇ ਦੱਸਿਆ ਕਿ ਉਸਦਾ ਨਾਮ ਤਨੂ ਹੈ। ਉਸ ਦਾ ਇੰਸਟਾਗ੍ਰਾਮ ‘ਤੇ ਤਨੂ ਆਫੀਸ਼ੀਅਲ ਨਾਮ ਦਾ ਇੱਕ ਪੇਜ ਹੈ।
ਤਨੂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਥਾਣਾ ਹੈਬੋਵਾਲ ਵਿਖੇ ਪੂਰੀ ਰਿਪੋਰਟ ਦਰਜ ਕਰਵਾਉਣ ਆਈ ਸੀ। ਇਸ ਦੌਰਾਨ ਉਸ ਨੇ ਇਕ ਵੀਡੀਓ ਬਣਾ ਕੇ ਆਪਣੇ ਪੇਜ ‘ਤੇ ਅਪਲੋਡ ਕਰ ਦਿੱਤੀ। ਇਸ ਤੋਂ ਪਹਿਲਾਂ ਹਥਿਆਰਾਂ ਨਾਲ ਇੱਕ ਵੀਡੀਓ ਸਾਹਮਣੇ ਆਈ ਸੀ। ਦੋਵੇਂ ਵੀਡੀਓ ਵਾਇਰਲ ਹੋ ਗਏ ਸਨ ਜੋ ਮੇਰੀ ਗਲਤੀ ਸੀ। ਭਵਿੱਖ ਵਿੱਚ ਮੈਂ ਕਦੇ ਵੀ ਅਜਿਹੀ ਵੀਡੀਓ ਨਹੀਂ ਬਣਾਵਾਂਗੀ ਜਿਸ ਨਾਲ ਕਿਸੇ ਨੂੰ ਇਤਰਾਜ਼ ਹੋਵੇ।
ਦੱਸ ਦਈਏ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਇਸ ਪੇਜ ‘ਤੇ ਦੋਵੇਂ ਪੱਖ ਦਿਖਾਏ ਹਨ ਕਿ ਕਿਸ ਤਰ੍ਹਾਂ ਪਹਿਲਾਂ ਲੜਕੀ ਨੇ ਹਥਿਆਰਾਂ ਨਾਲ ਵੀਡੀਓ ਪੋਸਟ ਕੀਤੀ ਪਰ ਜਦੋਂ ਪੁਲਿਸ ਨੇ ਉਸ ਨੂੰ ਟਰੇਸ ਕੀਤਾ ਤਾਂ ਉਸ ਨੇ ਮੁਆਫੀ ਕਿਵੇਂ ਮੰਗੀ।
ਜਾਣਕਾਰੀ ਮੁਤਾਬਕ ਲੜਕੀ ਦੀ ਇੰਸਟਾਗ੍ਰਾਮ ਆਈਡੀ TanuOfficial ਦੇ ਨਾਂ ‘ਤੇ ਹੈ। ਦੋ ਦਿਨ ਪਹਿਲਾਂ ਉਸ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਹ ਹੈਬੋਵਾਲ ਥਾਣੇ ਵਿਚ ਦਾਖਲ ਹੋਈ ਸੀ। ਇੰਨਾ ਹੀ ਨਹੀਂ ਕੁਝ ਸਮੇਂ ਬਾਅਦ ਉਹ ਰੀਲ ਬਣਾ ਕੇ ਥਾਣੇ ਤੋਂ ਬਾਹਰ ਆ ਗਈ ਅਤੇ ਥਾਣੇ ਦੇ ਬਾਹਰ ਖੜ੍ਹੀ ਪੁਲਸ ਦੀ ਗੱਡੀ ‘ਤੇ ਵੀ ਕੈਮਰਾ ਫੋਕਸ ਕਰ ਲਿਆ। ਇਸੇ ਤਰ੍ਹਾਂ ਉਕਤ ਲੜਕੀ ਦੀ ਇਕ ਹੋਰ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਉਹ ਹੱਥ ਵਿਚ ਹਥਿਆਰ ਲੈ ਕੇ ਰੀਲ ਬਣਾ ਰਹੀ ਸੀ। ਅਜਿਹੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਲੜਕੀ ਨੂੰ ਲੱਭ ਲਿਆ।