ਬਠਿੰਡਾ, 14 ਮਾਰਚ 2023 – ਬਠਿੰਡਾ ਸ਼ਹਿਰ ਦੇ ਹਰਦੇਵ ਨਗਰ ਵਿੱਚ ਰਹਿਣ ਵਾਲੀ ਇੱਕ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਹਿਲਾਂ ਆਪਣੇ ਹੀ ਪਿਤਾ ਦੇ ਘਰੋਂ ਅੱਠ ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਬਾਅਦ ਵਿੱਚ ਬਿਹਾਰ ਜਾ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਪੀੜਤਾ ਦੇ ਪਿਤਾ ਨੇ ਥਰਮਲ ਥਾਣੇ ‘ਚ ਸ਼ਿਕਾਇਤ ਦੇ ਕੇ ਆਪਣੀ ਹੀ ਲੜਕੀ ਅਤੇ ਉਸ ਦੇ ਪ੍ਰੇਮੀ ਖਿਲਾਫ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਹਰਦੇਵ ਨਗਰ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਹਰਸ਼ਦੀਪ ਕੌਰ ਨੇ ਆਪਣੇ ਪ੍ਰੇਮੀ ਅਤੇ ਦੋਸ਼ੀ ਨੌਜਵਾਨ ਅਨਮੋਲ ਵਾਸੀ ਹਰਦੇਵ ਨਗਰ ਨਾਲ ਮਿਲ ਕੇ ਉਸ ਦੇ ਘਰ ਦੀ ਅਲਮਾਰੀ ‘ਚੋਂ 8 ਤੋਲੇ ਸੋਨਾ ਚੋਰੀ ਕਰ ਲਿਆ ਹੈ। 11-12 ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਸਾਜ਼ਿਸ਼ ਤਹਿਤ ਘਰੋਂ ਗਹਿਣੇ ਅਤੇ 60 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ।
ਜਿਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਅਨਮੋਲ ਨਾਲ ਬਿਹਾਰ ਚਲੀ ਗਈ ਅਤੇ ਉੱਥੇ ਉਸ ਨਾਲ ਵਿਆਹ ਕਰ ਲਿਆ। ਘਰ ‘ਚੋਂ ਚੋਰੀ ਹੋਏ ਗਹਿਣਿਆਂ ਦੀ ਕੀਮਤ ਕਰੀਬ 4 ਲੱਖ 60 ਹਜ਼ਾਰ ਰੁਪਏ ਹੈ। ਥਰਮਲ ਪੁਲੀਸ ਨੇ ਮੁਲਜ਼ਮ ਲੜਕੀ ਹਰਸ਼ਦੀਪ ਕੌਰ ਅਤੇ ਉਸ ਦੇ ਪ੍ਰੇਮੀ ਅਨਮੋਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।