NRI ਥਾਣਿਆਂ ’ਚ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਨੂੰ ਪੂਰੀ ਤਰਜੀਹ ਦੇ ਕੇ ਢੁੱਕਵੀਂ ਕਰਾਵਾਈ ਯਕੀਨੀ ਬਣਾਈ ਜਾਵੇਗੀ : ਧਾਲੀਵਾਲ

  • ਸੂਬੇ ਵਿਚਲੇ 15 ਐਨ.ਆਰ.ਆਈ. ਥਾਣਿਆਂ ਲਈ 30 ਲੱਖ ਰੁਪਏ ਦੇਣ ਦਾ ਐਲਾਨ

ਫਿਲੌਰ (ਜਲੰਧਰ), 28 ਅਕਤੂਬਰ 2022 – ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕਿਹਾ ਕਿ ਸੂਬੇ ਦੇ ਐਨ.ਆਰ.ਆਈ. ਥਾਣਿਆਂ ਵਿੱਚ ਪ੍ਰਵਾਸੀ ਭਾਰਤੀਆਂ ਦੇ ਮਾਮਲਿਆਂ ਨੂੰ ਪੂਰੀ ਤਰਜੀਹ ਦਿੰਦਿਆਂ ਉਨ੍ਹਾਂ ’ਤੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈ. ਥਾਣਿਆਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਦੋ-ਦੋ ਲੱਖ ਰੁਪਏ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਥਾਣਿਆਂ ਲਈ ਹਰ ਸੰਭਵ ਸਹਾਇਤਾ ਯਕੀਨੀ ਬਣਾਈ ਜਾਵੇਗੀ ਤਾਂ ਜੋ ਨਿਆਂ ਲਈ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਦਿੱਕਤ ਪੇਸ਼ ਨਾ ਆਵੇ।

ਸਥਾਨਕ ਪੰਜਾਬ ਪੁਲਿਸ ਅਕੈਡਮੀ ਵਿਖੇ ਐਨ.ਆਰ.ਆਈ. ਵਿੰਗ ਵੱਲੋਂ ਕਰਵਾਏ ਗਏ ਇਕ ਦਿਨਾਂ ਰਾਜ ਪੱਧਰੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਐਨ.ਆਰ.ਆਈ. ਥਾਣਿਆਂ ਵਿੱਚ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਦਾ ਜਲਦ ਤੋਂ ਜਲਦ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪ੍ਰਵਾਸੀ ਭਾਰਤੀ ਨੂੰ ਫੌਰੀ ਨਿਆਂ ਹਾਸਲ ਕਰਨ ਵਿੱਚ ਕੋਈ ਔਕੜ ਪੇਸ਼ ਨਾ ਆਵੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਐਨ.ਆਰ.ਆਈਜ਼ ਦੀ ਸਹੂਲਤ ਲਈ ਸਾਰੇ ਜ਼ਿਲ੍ਹਿਆਂ ਵਿੱਚ ਨੋਡਲ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ, ਜਿਸ ਸਦਕਾ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ, ਉਨ੍ਹਾਂ ਦੇ ਕਾਨੂੰਨੀ ਕੇਸ ਅਤੇ ਵਿਆਹ ਸੰਬੰਧੀ ਝਗੜਿਆਂ ਨਾਲ ਸਬੰਧਤ ਮੁੱਦੇ ਜਲਦ ਹੱਲ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਸਬੰਧੀ ਇਨ੍ਹਾਂ ਨੋਡਲ ਅਫਸਰਾਂ ਨੂੰ ਮਿਲ ਸਕਣਗੇ, ਜੋ ਕਿ ਬਿਨਾਂ ਕਿਸੇ ਦੇਰੀ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਲਾਹੇਵੰਦ ਸਿੱਧ ਹੋਵੇਗਾ।

ਪ੍ਰਵਾਸੀ ਭਾਰਤੀਆਂ ਵੱਲੋਂ ਸੂਬੇ ਦੇ ਵਿਕਾਸ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਸਾਡੇ ਦੇਸ਼ ਦਾ ਸਰਮਾਇਆ ਹਨ, ਜਿਨ੍ਹਾਂ ਵੱਲੋਂ ਪੰਜਾਬ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਪ੍ਰਵਾਸੀ ਭਾਰਤੀਆਂ ਵੱਲੋਂ ਸਿੱਖਿਆ, ਖੇਡਾਂ, ਸਿਹਤ ਸੰਭਾਲ ਦੇ ਖੇਤਰਾਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਉਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਤਤਪਰ ਰਹੇਗੀ। ਇਸ ਉਪਰੰਤ ਸਵਾਲਾਂ-ਜਵਾਬਾਂ ਦੇ ਸੈਸ਼ਨ ਵਿੱਚ ਕੈਬਨਿਟ ਮੰਤਰੀ ਵੱਲੋਂ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ ਗਏ।

ਇਸ ਤੋਂ ਪਹਿਲਾਂ ਐਨ.ਆਰ.ਆਈ. ਵਿੰਗ ਦੇ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਨੇ ਜਾਣੂ ਕਰਵਾਇਆ ਗਿਆ ਕਿ ਅੱਜ ਕਰਵਾਈ ਗਈ ਵਰਕਸ਼ਾਪ ਵਿੱਚ ਐਨ.ਆਰ.ਆਈ ਵਿੰਗ ਦੇ ਕਰੀਬ 250 ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਹਿੱਸਾ ਲਿਆ ਗਿਆ ਹੈ, ਜਿਨ੍ਹਾਂ ਨੂੰ ਪ੍ਰਵਾਸੀ ਭਾਰਤੀਆਂ ਵੱਲੋਂ ਦਰਜ ਸ਼ਿਕਾਇਤਾਂ ਦੀ ਪੜਤਾਲ ਦੇ ਮਿਆਰ ਨੂੰ ਹੋਰ ਬਿਹਤਰ ਕਰਨ ਅਤੇ ਐਨ.ਆਰ.ਆਈਜ਼ ਵੱਲੋਂ ਦਰਜ ਸ਼ਿਕਾਇਤਾਂ ਦੀ ਤਫਤੀਸ਼ ਸਬੰਧੀ ਕਾਨੂੰਨੀ ਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।

ਇਸ ਮੌਕੇ ਐਨ.ਆਰ.ਆਈ.ਵਿੰਗ ਦੇ ਏ.ਆਈ.ਜੀ. (ਹੈਡ ਕੁਆਰਟਰ)ਮੁਹਾਲੀ ਰਾਜਜੀਤ ਸਿੰਘ, ਏ.ਆਈ.ਜੀ. ਜਲੰਧਰ ਬਲਬੀਰ ਸਿੰਘ, ਏ.ਆਈ.ਜੀ. ਅੰਮ੍ਰਿਤਸਰ ਜਗਜੀਤ ਸਿੰਘ, ਏ.ਆਈ.ਜੀ. ਪਟਿਆਲਾ, ਬਲਵਿੰਦਰ ਸਿੰਘ, ਏ.ਆਈ.ਜੀ. ਲੁਧਿਆਣਾ ਅੰਮ੍ਰਿਤਪਾਲ ਸਿੰਘ, ਡੀ.ਐਸ.ਪੀ., ਐਸ.ਐਚ.ਓਜ਼ ਅਤੇ ਹੋਰ ਅਧਿਕਾਰੀ ਕਰਮਚਾਰੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ‘ਚ ਲੱਗੇ ‘ਇੱਥੋਂ ਚਿੱਟਾ ਮਿਲਦਾ ਹੈ’ ਦੇ ਪੋਸਟਰ

ਹੁਸ਼ਿਆਰਪੁਰ-ਦਿੱਲੀ ਪੈਸੰਜਰ ਟ੍ਰੇਨ ਨੂੰ ਵਰਿੰਦਾਵਨ ਨਾਲ ਜੋੜਨ ਲਈ ਕੈਬਨਿਟ ਮੰਤਰੀ ਜਿੰਪਾ ਨੇ ਰੇਲਵੇ ਮੰਤਰੀ ਨੂੰ ਲਿਖਿਆ ਪੱਤਰ