ਅੰਮ੍ਰਿਤਸਰ, 17 ਨਵੰਬਰ 2022 – ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ 21.69 ਲੱਖ ਰੁਪਏ ਦਾ ਸੋਨਾ ਫੜਨ ‘ਚ ਸਫਲਤਾ ਹਾਸਲ ਕੀਤੀ ਹੈ। ਕਸਟਮ ਵਿਭਾਗ ਨੇ ਦਿੱਲੀ ਦੇ ਇੱਕ ਨੌਜਵਾਨ ਨੂੰ ਵੀ ਫੜਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਨੇ ਸੋਨੇ ਨੂੰ ਪੇਸਟ ਬਣਾ ਕੇ ਉਸ ਦੀ ਵੇਸਟ (ਬਨੈਣ ਦੇ ਹੇਠਾਂ) ਨਾਲ ਛੁਪਾ ਕੇ ਲਿਆਂਦਾ ਸੀ।
ਕਸਟਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਫਿਰਦੌਜ਼ ਐਲਐਨਜੇਪੀ ਕਲੋਨੀ ਮਹਾਰਾਜ ਰਣਜੀਤ ਸਿੰਘ ਰੋਡ ਦਿੱਲੀ ਦਾ ਵਸਨੀਕ ਹੈ। ਬੁੱਧਵਾਰ ਨੂੰ ਉਹ ਸਪਾਈਸ ਜੈੱਟ ਦੀ ਐਸਜੀ 56 ਫਲਾਈਟ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉੱਤਰਿਆ ਸੀ। ਜਦੋਂ ਕਸਟਮ ਵਿਭਾਗ ਨੇ ਮੁਲਜ਼ਮ ਦੀ ਜਾਂਚ ਕੀਤੀ ਤਾਂ ਉਸ ਦੀ ਅੰਡਰ-ਸ਼ਰਟ ਕੁਝ ਤੰਗ ਅਤੇ ਸਖਤ ਸੀ ਅਤੇ ਉਸ ਦੀ ਬਨੈਣ ‘ਤੇ ਸੋਨਾ ਚਿਪਕਾਇਆ ਹੋਇਆ ਪਾਇਆ ਗਿਆ। ਮੁਲਜ਼ਮ ਨੇ ਮੈਟਲ ਡਿਟੈਕਟਰ ਟੈਸਟ ਪਾਸ ਕਰਨ ਲਈ ਸੋਨੇ ਦੀ ਪੇਸਟ ਤਿਆਰ ਕੀਤੀ ਸੀ।
ਜਦੋਂ ਮੁਲਜ਼ਮ ਦੀ ਅੰਡਰ ਸ਼ਰਟ ਵਿੱਚੋਂ ਸੋਨਾ ਕੱਢ ਕੇ ਜਾਂਚ ਕੀਤੀ ਗਈ ਤਾਂ ਉਸ ਦਾ ਵਜ਼ਨ 410 ਗ੍ਰਾਮ ਪਾਇਆ ਗਿਆ। ਜਿਸ ਦੀ ਅੰਤਰਰਾਸ਼ਟਰੀ ਕੀਮਤ 21.69 ਲੱਖ ਰੁਪਏ ਹੈ। ਫਿਲਹਾਲ ਫਿਰਦੌਜ਼ ਪੁਲਸ ਦੀ ਹਿਰਾਸਤ ‘ਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।