- ਯਾਤਰੀ ਨੇ ਪੇਸਟ ਬਣਾ ਕੇ ਗੁਪਤ ਅੰਗ ‘ਚ ਛੁਪਾ ਕੇ ਲਿਆਂਦੇ 3 ਕੈਪਸੂਲ
ਅੰਮ੍ਰਿਤਸਰ, 18 ਜੁਲਾਈ 2023 – ਅੰਮ੍ਰਿਤਸਰ ਜ਼ਿਲੇ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਆਪਣੇ ਪ੍ਰਾਈਵੇਟ ਪਾਰਟ ਵਿੱਚ ਛੁਪਾ ਕੇ ਸੋਨਾ ਪੇਸਟ ਦੇ ਰੂਪ ਵਿੱਚ ਲੈ ਕੇ ਆਇਆ ਸੀ, ਤਾਂ ਜੋ ਬਾਡੀ ਸਕੈਨਰ ਵਿੱਚ ਵੀ ਇਹ ਨਾ ਫੜਿਆ ਜਾ ਸਕੇ।
ਕਸਟਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਯਾਤਰੀ ਦੁਬਈ ਤੋਂ ਪਰਤਿਆ ਸੀ। ਕਸਟਮ ਚੈਕਿੰਗ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ। ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸੋਨੇ ਦੀ ਤਸਕਰੀ ਹੋ ਰਹੀ ਹੈ। ਜਦੋਂ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਗੁਪਤ ਅੰਗ ਵਿੱਚ ਛੁਪਾਏ ਸੋਨੇ ਦੇ 3 ਕੈਪਸੂਲ ਦੀ ਜਾਣਕਾਰੀ ਦਿੱਤੀ।
ਜਦੋਂ ਕਸਟਮ ਵਿਭਾਗ ਨੇ ਉਸ ਦੇ ਪ੍ਰਾਈਵੇਟ ਪਾਰਟ ਵਿੱਚੋਂ ਸੋਨੇ ਦੀ ਪੇਸਟ ਬਰਾਮਦ ਕੀਤੀ ਤਾਂ ਉਸ ਦਾ ਭਾਰ 1.183 ਕਿਲੋ ਸੀ। ਇਸ ਨੂੰ ਸ਼ੁੱਧ ਸੋਨੇ ਵਿੱਚ ਬਦਲ ਦਿੱਤਾ ਗਿਆ ਤਾਂ ਇਸ ਦਾ ਕੁੱਲ ਵਜ਼ਨ 844.80 ਗ੍ਰਾਮ ਸੀ। ਇਸ ਦੀ ਅੰਤਰਰਾਸ਼ਟਰੀ ਕੀਮਤ 49.94 ਲੱਖ ਰੁਪਏ ਦੱਸੀ ਗਈ ਹੈ।