- ਗੋਲਡਨ ਹੱਟ ਨੂੰ 5 ਹਜ਼ਾਰ ਅਤੇ ਅੰਕੁਸ਼ ਡੇਅਰੀ ਨੂੰ 10 ਹਜ਼ਾਰ ਦਾ ਜੁਰਮਾਨਾ
ਐੱਸ ਏ ਐੱਸ ਨਗਰ/ ਡੇਰਾਬੱਸੀ, 4 ਮਈ 2023 – ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ ਨੇ ਗੈਰਮਿਆਰੀ ਪਨੀਰ ਦੀ ਵਰਤੋਂ ਦੇ ਦੋਸ਼ ਹੇਠ ਗੋਲਡਨ ਹੱਟ ਘੋਲੂਮਾਜਰਾ ਨੂੰ 5 ਹਜ਼ਾਰ ਅਤੇ ਅੰਕੁਸ਼ ਡੇਅਰੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਕੋਈ ਖ਼ੁਰਾਕ ਪਦਾਰਥਾਂ ਸਬੰਧੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ ਨਿਯਮਾਂ ਮੁਤਾਬਕ ਸ਼ਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਬਾਰੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਬਾਬਤ ਸ਼ਿਕਾਇਤ ਰਵੀਨੰਦਨ, ਫੂਡ ਸੇਫਟੀ ਅਫਸਰ, ਦਫਤਰ ਸਿਵਲ ਸਰਜਨ , ਐਸ.ਏ.ਐਸ.ਨਗਰ ਵੱਲੋਂ ਉਹਨਾਂ ਦੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਜਿਸ ਸਬੰਧੀ ਗੋਲਡਨ ਹੱਟ ਨਾਲ ਸਬੰਧਤ ਗੋਬਿੰਦ ਸਿੰਘ ਅਤੇ ਅੰਕੁਸ਼ ਡੇਅਰੀ ਦੇ ਮਾਲਕ ਨੂੰ ਤਲਬ ਕੀਤਾ ਗਿਆ। ਸ਼ਿਕਾਇਤ ਮੁਤਾਬਕ 12.06.2022 ਨੂੰ ਉਪਰੋਕਤ ਵਪਾਰਕ ਇਕਾਈਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਨੀਰ ਦੇ ਸੈਂਪਲ ਲੈ ਕੇ ਟੈਸਟ ਲਈ ਐਨਾਲਿਸਟ ਪੰਜਾਬ, ਚੰਡੀਗੜ੍ਹ ਨੂੰ ਭੇਜੇ ਗਏ। ਫੂਡ ਐਨਾਲਿਸਟ ਪੰਜਾਬ, ਚੰਡੀਗੜ੍ਹ ਦੀ ਰਿਪੋਰਟ ਉਪਰੋਕਤ ਵਪਾਰਕ ਇਕਾਈਆਂ ਖਿਲਾਫ ਕਾਰਵਾਈ ਕਰਨ ਲਈ ਪ੍ਰਾਪਤ ਹੋਈ।
ਸਾਰੇ ਤੱਥਾਂ ਨੂੰ ਘੋਖਣ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਦੋਸ਼ੀ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 26 ਦੀ ਉਲੰਘਣਾ ਕੀਤੀ ਗਈ ਹੈ, ਕਿਉਂਕਿ ਇਹ ਮਾਮਲਾ ਸਿੱਧੇ ਤੌਰ ‘ਤੇ ਜਨਹਿਤ ਨਾਲ ਸਬੰਧਤ ਹੈ, ਇਸ ਲਈ ਗੋਲਡਨ ਹੱਟ ਦੇ ਮਾਲਕ ਗੋਬਿੰਦ ਸਿੰਘ ਨੂੰ 5 ਹਜ਼ਾਰ ਅਤੇ ਅੰਕੁਸ਼ ਡੇਅਰੀ ਨੂੰ 10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।