ਤਿੰਨ ਸਾਲਾਂ ‘ਚ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ : ਕੈਬਨਿਟ ਮੰਤਰੀ ਸੌਂਦ

  • ਸੌਂਦ ਵੱਲੋਂ ਹਲਕਾ ਖੰਨਾ ਦੇ 4 ਹੋਰ ਸਰਕਾਰੀ ਸਕੂਲਾਂ ਵਿੱਚ 34.50 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ
  • ਇਸ ਤੋਂ ਪਹਿਲਾਂ ਵੀ ਕਈ ਸਕੂਲਾਂ ਦੀ ਨੁਹਾਰ ਬਦਲੀ

ਚੰਡੀਗੜ੍ਹ/ਖੰਨਾ, 15 ਅਪ੍ਰੈਲ 2025 – ਕੈਬਿਨਟ ਮੰਤਰੀ ਅਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਹਲਕਾ ਖੰਨਾ ਦੇ 4 ਹੋਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਕਿਹਾ ਕਿ ਤਿੰਨ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਜਦਕਿ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਕੁਝ ਵੀ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਚੰਗੀ ਹੋਵੇ ਤਾਂ ਸਭ ਕੁਝ ਸੰਭਵ ਹੈ।

ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਪੰਜਾਬ ਸਿੱਖਿਆ ਕ੍ਰਾਂਤੀ’ ਪ੍ਰੋਗਰਾਮ ਤਹਿਤ ਮੰਗਲਵਾਰ ਨੂੰ ਹਲਕਾ ਖੰਨਾ ਦੇ ਚਾਰ ਸਰਕਾਰੀ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 34.50 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਵੀ ਹਲਕੇ ਦੇ ਕਈ ਸਕੂਲਾਂ ਦੀ ਨੁਹਾਰ ਬਦਲੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਿਲਸਿਲਾ ਜਾਰੀ ਰਹੇਗਾ।

ਕੈਬਨਿਟ ਮੰਤਰੀ ਨੇ ਜਿਹੜੇ 4 ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ ਵਿਚ 9.65 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਤਿਆਰ ਕਰਵਾਈ ਗਈ, 3 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਕੀਤੀ ਗਈ ਅਤੇ 1.40 ਲੱਖ ਰੁਪਏ ਦੀ ਲਾਗਤ ਨਾਲ ਬੱਚਿਆਂ ਲਈ ਬਾਥਰੂਮ ਤਿਆਰ ਕਰਵਾਇਆ ਗਿਆ ਹੈ। ਸਰਕਾਰੀ ਹਾਈ ਸਕੂਲ ਭੁਮੱਦੀ ਵਿਚ 11 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ ਤਿਆਰ ਕਰਵਾਈ ਗਈ ਹੈ।ਸਰਕਾਰੀ ਪ੍ਰਾਇਮਰੀ ਸਕੂਲ ਫੈਜਗੜ੍ਹ ਵਿਚ 6.26 ਲੱਖ ਰੁਪਏ ਦੀ ਲਾਗਤ ਨਾਲ ਕਮਰਾ ਤਿਆਰ ਕਰਵਾਇਆ ਗਿਆ ਅਤੇ 1.25 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਰ ਪੈਨਲ ਤੇ ਡੈਸਕ ਲਏ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਕੰਮਾ ਵਿੱਚ 1.44 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਦੀਵਾਰ ਕੀਤੀ ਗਈ ਅਤੇ ਬੱਚਿਆਂ ਲਈ ਬਾਥਰੂਮ ‘ਤੇ 50 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ।

ਸੌਂਦ ਨੇ ਦੱਸਿਆ ਕਿ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਹੋ ਕਾਰਨ ਹੈ ਕਿ ਤਿੰਨਾਂ ਸਾਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਜਿੱਥੇ ਸਰਕਾਰੀ ਸਕੂਲਾਂ ‘ਤੇ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਪੈਸੇ ਲਗਾ ਦਿੱਤੇ ਹਨ ਉੱਥੇ ਹੀ ਬੱਚਿਆਂ ਦਾ ਸੁਨਹਿਰੀ ਭਵਿੱਖ ਬਨਾਉਣ ਲਈ ਅਧਿਆਪਕਾਂ ਨੂੰ ਸਿੰਘਾਪੁਰ, ਫਿਨਲੈਂਡ ਦੇਸ਼ਾਂ ਵਿੱਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ।

ਸੌਂਦ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਹੋਏ 75 ਵਰ੍ਹੇ ਤੋਂ ਵੱਧ ਹੋ ਗਏ ਹਨ ਪਰ ਦਿਨ ਪ੍ਰਤੀ ਦਿਨ ਸਾਡੇ ਸਰਕਾਰੀ ਸਕੂਲਾਂ ਦੀ ਦਸ਼ਾ ਮਾੜੀ ਹੁੰਦੀ ਜਾ ਰਹੀ ਸੀ। ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੋਚਿਆ ਕਿ ਵਿੱਦਿਆ ਦੇ ਇਹ ਮੰਦਰ ਜਿੱਥੇ ਪੜ੍ਹਾਈ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਸਵਰਨਾ ਹੈ, ਉਸਦੇ ਸੁਧਾਰ ਲਈ ਵੀ ਕੋਈ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ਵਾਅਦਾ ਹੀ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਵਧੀਆ ਬਣਾਉਣ ਦਾ ਕੀਤਾ ਸੀ। ਜਿਸ ਤਹਿਤ ਹੁਣ ਵਧੀਆ ਸਿਹਤ ਸਹੂਲਤਾਂ ਤੋਂ ਬਾਅਦ ਹੁਣ ਸਰਕਾਰੀ ਸਕੂਲ ਵੀ ਤਰੱਕੀ ਦੀ ਰਾਹ ‘ਤੇ ਨਵੀਂਆਂ ਪੈੜਾ ਪਾ ਰਹੇ ਹਨ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਗਰੀਬ ਪਰਿਵਾਰ ਵਿੱਚੋਂ ਉੱਠ ਕੇ ਸੰਘਰਸ਼ ਕੀਤਾ। ਕਲਾਸਰੂਮ ਦੇ ਬਾਹਰ ਟਾਟ ਉੱਪਰ ਬੈਠ ਕੇ ਪੜ੍ਹੇ। ਬਹੁਤ ਹੀ ਸਖ਼ਤ ਮਿਹਨਤ ਕਰਕੇ ਪੜ੍ਹਾਈ ਕੀਤੀ। ਵਿਦੇਸ਼ਾਂ ਵਿੱਚ ਪੜ੍ਹੇ ਤੇ ਵਕੀਲ ਬਣ ਕੇ ਭਾਰਤ ਪਹੁੰਚੇ। ਸਰਕਾਰੀ ਨੌਕਰੀ ਕੀਤੀ, ਕਾਨੂੰਨ ਮੰਤਰੀ ਬਣੇ।‌ ਦਲਿਤਾਂ ਲਈ ਢਾਲ ਬਣ ਕੇ ਖੜ੍ਹੇ ਹੋਏ। ਇਸ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਣੇ। ਸੋਚੋ ਸਿੱਖਿਆ ਵਿੱਚ ਕਿੰਨੀ ਤਾਕਤ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾਂ ਸਿਰਫ ਨਿੱਜੀ ਸਕੂਲਾਂ ਵਿੱਚ ਹੀ ਟਰਾਂਸਪੋਰਟ ਦੀ ਸੁਵਿਧਾ ਸੀ ਪਰ ਹੁਣ ਸਰਕਾਰੀ ਸਕੂਲ ਦੇ ਬੱਚੇ ਵੀ ਇਹ ਲਾਭ ਉਠਾ ਰਹੇ ਹਨ। ਵਿਦਿਆਰਥੀਆਂ ਦੇ ਮਾਤਾ ਪਿਤਾ ਖ਼ੁਸ਼ੀ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸੁਰੱਖਿਅਤ ਮਾਹੌਲ ਬਣਾਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਕਿਸੇ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਦੇ ਕੋਈ ਪਹਿਲਕਦਮੀ ਨਹੀਂ ਕੀਤੀ ਪਰ ਅਸੀਂ ਲੋਕਾਂ ਦੇ ਸਹਿਯੋਗ ਨਾਲ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਚੰਗੀ ਹੋਵੇ ਤਾਂ ਸਭ ਕੁਝ ਸੰਭਵ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੇ ਹੁਣ ਪੰਜਾਬ ‘ਚ ਕੋਈ ਧਮਾਕਾ ਹੁੰਦਾ ਹੈ ਤਾਂ ਪ੍ਰਤਾਪ ਬਾਜਵਾ ਹੋਣਗੇ ਜ਼ਿੰਮੇਵਾਰ: ਤਰੁਣਪ੍ਰੀਤ ਸੌਂਦ

ਸਿੱਖਿਆ ਕ੍ਰਾਂਤੀ ਨੇ ਬਦਲੀ ਪੰਜਾਬ ਦੀ ਨੁਹਾਰ – ਮੰਤਰੀ ਡਾ ਬਲਜੀਤ ਕੌਰ