ਵਿੱਤੀ ਸਾਲ 23-24 ਵਿੱਚ ਆਪਣੇ ਹੀ ਰਿਕਾਰਡ ਤੋੜਦਿਆਂ ਸਰਕਾਰ ਵੱਲੋਂ GST ਵਿੱਚ 28.2 ਫੀਸਦੀ ਵਾਧਾ ਦਰਜ – ਚੀਮਾ

  • ਜੀਐਸਟੀ, ਆਬਕਾਰੀ, ਵੈਟ, ਸੀਐਸਟੀ, ਪੀਐਸਡੀਟੀ ਤੋਂ ਮਾਲੀਆ 17.49 ਪ੍ਰਤੀਸ਼ਤ ਵਧਿਆ
  • ਕਿਹਾ, ‘ਮੇਰਾ ਬਿੱਲ’ ਅਤੇ ‘ਅਕਸਾਈਜ਼ ਕਿਊਆਰ ਲੇਬਲ ਸਿਟੀਜ਼ਨ’ ਵਰਗੀਆਂ ਮੁਬਾਈਲ ਐਪ ਰਾਹੀਂ ਆਮ ਲੋਕਾਂ ਨੂੰ ਸੂਬੇ ਦੀ ਵਿੱਤੀ ਹਾਲਤ ਮਜ਼ਬਤ ਦੀ ਮੁਹਿੰਮ ‘ਚ ਕੀਤਾ ਸ਼ਾਮਿਲ

ਚੰਡੀਗੜ੍ਹ, 5 ਸਤੰਬਰ 2023 – ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਵਿੱਤੀ ਵਰ੍ਹੇ 2022-23 ਦੌਰਾਨ ਲਿਆਂਦੀਆਂ ਕ੍ਰਾਂਤੀਕਾਰੀ ਤਬਦੀਲੀਆਂ ਸਦਕਾ ਵਸਤੂ ਤੇ ਸੇਵਾਵਾਂ ਕਰ (ਜੀ.ਐਸ.ਟੀ) ਦੇ ਮਾਲੀਏ ਵਿੱਚ ਦਰਜ਼ ਕੀਤੇ ਗਏ ਵਾਧੇ ਦੇ ਰਿਕਾਰਡ ਨੂੰ ਤੋੜਦਿਆਂ ਵਿੱਤੀ ਵਰ੍ਹੇ 2023-24 ਦੇ ਪਹਿਲੇ 5 ਮਹੀਨਿਆਂ ਦੌਰਾਨ 28.2 ਫੀਸਦੀ ਦਾ ਵਾਧਾ ਦਰਜ਼ ਕੀਤਾ ਹੈ।

ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੇ ਪਹਿਲੇ 5 ਮਹੀਨਿਆਂ ਦੌਰਾਨ ਜੀ.ਐਸ.ਟੀ ਤੋਂ ਇਕੱਤਰ ਕੀਤੇ ਗਏ ਕੁੱਲ 6648.89 ਕਰੋੜ ਰੁਪਏ ਦੇ ਮਾਲੀਏ ਦੇ ਮੁਕਾਬਲੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਅਗਸਤ ਮਹੀਨੇ ਦੇ ਅੰਤ ਤੱਕ ਕੁੱਲ 8524.17 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿਰਫ ਜੀ.ਐਸ.ਟੀ ਤੋੰ ਹੀ ਬੀਤੇ ਵਿੱਤੀ ਵਰ੍ਹੇ ਦੇ ਮੁਕਾਬਲੇ 1875.28 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਤਰ ਕੀਤਾ ਗਿਆ।

ਕਰ ਵਿਭਾਗ ਵੱਲੋਂ ਵੱਖ-ਵੱਖ ਸਰੋਤਾਂ ਤੋਂ ਇਕੱਤਰ ਕੀਤੇ ਗਏ ਮਾਲੀਏ ਦੇ ਵੇਰਵੇ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਵਰ੍ਹੇ 2022-23 ਦੇ ਮੁਕਾਬਲੇ ਵਿੱਤੀ ਵਰ੍ਹੇ 2023-24 ਦੌਰਾਨ ਜੀ.ਐਸ.ਟੀ, ਆਬਕਾਰੀ, ਵੈਟ, ਸੀ.ਐਸ.ਟੀ. ਅਤੇ ਪੀ.ਐਸ.ਡੀ.ਟੀ ਤੋਂ ਇਕੱਤਰ ਕੁੱਲ ਮਾਲੀਏ ਵਿੱਚ 17.49 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2022-23 ਦੇ ਪਹਿਲੇ 5 ਮਹੀਨਿਆਂ ਦੌਰਾਨ ਉਪਰੋਕਤ ਵਸੀਲਿਆਂ ਤੋਂ ਕੁੱਲ 13116.36 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ ਜਦੋਂਕਿ ਮੌਜੂਦਾ ਵਿੱਤੀ ਵਰ੍ਹੇ ਦੇ ਇਸੇ ਅਰਸੇ ਦੌਰਾਨ 2293.67 ਕਰੋੜ ਰੁਪਏ ਦਾ ਵਾਧਾ ਦਰਜ਼ ਕਰਦਿਆਂ ਕੁੱਲ 15410.03 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ ਲਾਗੂ ਕਰਨ ਉਪਰੰਤ ਵਿੱਤੀ ਵਰ੍ਹੇ 2022-23 ਦੌਰਾਨ 2021-22 ਦੇ ਮੁਕਾਬਲੇ ਆਬਕਾਰੀ ਮਾਲੀਏ ਵਿੱਚ 41 ਫੀਸਦੀ ਤੋਂ ਵੱਧ ਦਾ ਵਾਧਾ ਦਰਜ਼ ਕਰਨ ਦੇ ਬਾਵਜੂਦ ਪ੍ਰਾਪਤੀਆਂ ਦਾ ਇਹ ਗ੍ਰਾਫ ਅਜੇ ਵੀ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2023-24 ਦੇ ਪਹਿਲੇ 5 ਮਹੀਨਿਆਂ ਦੌਰਾਨ ਵੀ ਆਬਕਾਰੀ ਤੋਂ ਪ੍ਰਾਪਤ ਮਾਲੀਏ ਨੇ ਵਿੱਤੀ ਵਰ੍ਹੇ 2022-23 ਦੇ ਇਸੇ ਅਰਸੇ ਦੇ ਮੁਕਾਬਲੇ 7.69 ਫੀਸਦੀ ਦਾ ਵਾਧਾ ਦਰਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2022-23 ਦੇ ਪਹਿਲੇ 5 ਮਹੀਨਿਆਂ ਵਿੱਚ ਆਬਕਾਰੀ ਤੋਂ ਕੁੱਲ 3528.92 ਕਰੋੜ ਰੁਪਏ ਦਾ ਮਾਲੀਏ ਇਕੱਤਰ ਹੋਇਆ ਸੀ ਜਦੋਂਕਿ ਮੌਜੂਦਾ ਵਿੱਤੀ ਵਰ੍ਹੇ ਦੇ ਇਸੇ ਅਰਸੇ ਦੌਰਾਨ 271.31 ਕਰੋੜ ਰੁਪਏ ਦੇ ਵਾਧੇ ਨਾਲ ਕੁੱਲ 3800.23 ਕਰੋੜ ਰੁਪਏ ਦਾ ਮਾਲੀਆ ਇਕੱਤਰ ਕੀਤਾ ਗਿਆ।

ਵਿੱਤ ਮੰਤਰੀ ਨੇ ਕਿਹਾ ਕਿ ਮਾਲੀਏ ਵਿੱਚ ਇਹ ਵਾਧਾ ਸਰਕਾਰ ਵੱਲੋਂ ਸਾਫ ਨੀਅਤ ਨਾਲ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਸੂਬੇ ਦੇ ਲੋਕਾਂ ਤੋਂ ਪ੍ਰਾਪਤ ਸਹਿਯੋਗ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਮਾਲੀ ਸਥਿਤੀ ਮਜ਼ਬੂਤ ਕਰਨ ਦੀ ਮੁਹਿੰਮ ਵਿੱਚ ਆਮ ਲੋਕਾਂ ਨੂੰ ਵੱਧ-ਚੜ੍ਹ ਕੇ ਸ਼ਾਮਿਲ ਹੋਣ ਦਾ ਮੌਕਾ ਦੇਣ ਲਈ ਹੀ ਕਰ ਵਿਭਾਗ ਵੱਲੋਂ ‘ਮੇਰਾ ਬਿਲ’ ਅਤੇ ਆਬਕਾਰੀ ਵਿਭਾਗ ਵੱਲੋਂ ‘ਐਕਸਾਈਜ਼ ਕਿਊਆਰ ਲੇਬਲ ਸਿਟੀਜ਼ਨ’ ਵਰਗੀਆਂ ਮੁਬਾਈਲ ਐਪ ਸ਼ੁਰੂ ਕੀਤੀਆਂ ਗਈਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਵੱਲੋਂ ਸਿੱਖਿਆ ਵਿਭਾਗ ਵਿੱਚ ਵੱਡੇ ਪੱਧਰ ‘ਤੇ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ

I.N.D.I.A ਨੂੰ ਭਾਰਤ ‘ਚ ਬਦਲਣ ‘ਤੇ ਕਰਾਂਗੇ ਵਿਚਾਰ, ਭਾਜਪਾ ਨੂੰ ਦੇਸ਼ ਲਈ ਨਵਾਂ ਨਾਂ ਸੋਚੇ – ਰਾਘਵ ਚੱਢਾ