ਅੰੰਮਿ੍ਤਸਰ, 21 ਨਵੰਬਰ 2023 – ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਦੇਸ਼ ਦੇ ਕੁਝ ਹਿੱਸਿਆਂ ਵਿਚ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਦੇ ਸੰਦਰਭ ਵਿਚ ਵਾਇਰਲ ਹੋਈ ਵੀਡੀਓ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਦੀ ਸੱਤਾ ‘ਤੇ ਕਾਬਜ਼ ਲੋਕ ਜਦੋਂ ਸਟੇਜਾਂ ‘ਤੇ ਬੈਠ ਕੇ ਗੁਰਦੁਆਰਾ ਸਾਹਿਬ ਨੂੰ ਨਾਸੂਰ ਕਹਿਣਗੇ, ਤਾਂ ਅਜਿਹੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ।
ਜਿਹੜੇ ਲੋਕ ਗੁਰੂਘਰਾਂ ਬਾਰੇ ਅਜਿਹੇ ਸ਼ਬਦ ਵਰਤਣ ਦੀ ਹਿੰਮਤ ਕਰਦੇ ਹਨ, ਉਹ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਅਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਥੇਦਾਰ ਨੇ ਜਬਲਪੁਰ ਵਿੱਚ ਵਾਪਰੀ ਘਟਨਾ ਨੂੰ ਬਹੁਤ ਹੀ ਦੁਖਦਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਨੂੰ ਸਿਆਸੀ ਲੋਕਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਦੇਸ਼ ਵਿੱਚ ਲੋਕ ਰਾਜ ਅਤੇ ਕਾਨੂੰਨ ਵਿਵਸਥਾ ਨਹੀਂ ਹੈ।
ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਤੁਹਾਡੀ ਗੱਲ ਨਾਲ ਸਹਿਮਤ ਹੋਣ ਲਈ ਮਜਬੂਰ ਕਰਨਾ ਗਲਤ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਵਿਦੇਸ਼ੀ ਸ਼ਰਧਾਲੂਆਂ ਤੋਂ ਪੰਜ ਡਾਲਰ ਵਾਧੂ ਵਸੂਲੇ ਜਾਣ ਬਾਰੇ ਜਥੇਦਾਰ ਨੇ ਕਿਹਾ ਕਿ ਇਹ ਸਰਾਸਰ ਗਲਤ ਫੈਸਲਾ ਹੈ।