- ਸੁਰੱਖਿਆ ਤਿਆਰੀਆਂ ਅਤੇ ਮਾਈਨਿੰਗ ਗਤੀਵਿਧੀਆਂ ਦੀ ਕਰਨਗੇ ਜਾਂਚ
ਚੰਡੀਗੜ੍ਹ, 16 ਮਈ 2023 – ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਇੱਕ ਵਾਰ ਫਿਰ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਸ ਸਬੰਧੀ ਗਵਰਨਰ ਹਾਊਸ ਤੋਂ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਅਤੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਗਿਆ ਹੈ। ਰਾਜਪਾਲ ਦਾ ਦੌਰਾ 7-8 ਜੂਨ ਨੂੰ ਹੋਵੇਗਾ।
ਬੀਐਲ ਪੁਰੋਹਿਤ ਇਸ ਵਾਰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦਾ ਦੌਰਾ ਕਰਨਗੇ। ਰਾਜਪਾਲ ਦੇ ਦੌਰੇ ਦਾ ਕਾਰਨ ਸੁਰੱਖਿਆ ਤਿਆਰੀਆਂ ਅਤੇ ਮਾਈਨਿੰਗ ਗਤੀਵਿਧੀਆਂ ਸਮੇਤ ਹੋਰ ਕਾਰਨਾਂ ਨੂੰ ਵੀ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਸੀਐਸ ਵੀ ਰਾਜਪਾਲ ਦੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਹੋ ਸਕਦੇ ਹਨ। ਇਸ ਦੇ ਨਾਲ ਹੀ ਹੋਰ ਅਧਿਕਾਰੀ ਅਤੇ ਡੀਜੀਪੀ ਵੀ ਨਾਲ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਰਾਜਪਾਲ ਬੀਐੱਲ ਪੁਰੋਹਿਤ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ। ਉਸ ਦੌਰਾਨ ਉਨ੍ਹਾਂ ‘ਆਪ’ ਦੀ ਮਾਨ ਸਰਕਾਰ ‘ਤੇ ਕਈ ਸਵਾਲ ਚੁੱਕੇ ਸਨ।
ਰਾਜਪਾਲ ਬੀਐਲ ਪੁਰੋਹਿਤ ਨੇ ਆਪਣੀ ਪਿਛਲੀ ਫੇਰੀ ਦੌਰਾਨ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ਿਆਂ ਦੀ ਆਮਦ ਬਾਰੇ ਗੱਲ ਕੀਤੀ ਸੀ। ਸਰਹੱਦ ‘ਤੇ ਤਮਾਮ ਸਖ਼ਤੀ ਦੇ ਬਾਵਜੂਦ ਚੋਰ ਰਸਤਿਆਂ ਰਾਹੀਂ ਨਸ਼ਿਆਂ ਦੀ ਆਮਦ ਦੀ ਗੱਲ ਕਹੀ ਗਈ। ਇਸ ‘ਤੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ਕਦਮ ਚੁੱਕਣ ਦੀ ਗੱਲ ਕਹੀ ਗਈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਜੇਕਰ ਨਸ਼ਿਆਂ ‘ਤੇ ਕਾਬੂ ਪਾਉਣ ਲਈ ਸਾਧਨ ਘੱਟ ਹਨ ਤਾਂ ਕੇਂਦਰ ਸਰਕਾਰ ਤੋਂ ਖੁੱਲ੍ਹ ਕੇ ਮਦਦ ਮੰਗੀ ਜਾ ਸਕਦੀ ਹੈ।