ਚੰਡੀਗੜ੍ਹ, 11 ਅਪ੍ਰੈਲ, 2024: ਪਿਛਲੇ ਮਹੀਨੇ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਕੁਲਦੀਪ ਕੁਮਾਰ ਅਤੇ ਕੌਂਸਲਰਾਂ ਵਲੋਂ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਏਜੰਡਾ ਪਾਸ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪਰੋਹਿਤ ਵਲੋਂ ਇਸ ਦੇ ਸਬੰਧ ਵਿੱਚ ਫਾਇਲ ਉਨ੍ਹਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਇਸ ਏਜੰਡੇ ਨੂੰ ਨਕਾਰ ਦਿੱਤਾ ਗਿਆ ਸੀ ਅਤੇ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਾਣੀ ਦੇਣ ਤੋਂ ਕੌਰੀ ਨਾਂਹ ਕਰ ਦਿੱਤੀ ਗਈ ਸੀ। ਇਸ ਦੇ ਸਬੰਧ ਵਿੱਚ ਮੇਅਰ ਕੁਲਦੀਪ ਕੁਮਾਰ ਬੀਤੇ ਦਿਨ ਬਨਵਾਰੀ ਲਾਲ ਪਰੋਹਿਤ ਨੂੰ ਮਿਲਣ ਦਾ ਸਮਾਂ ਲੈ ਕੇ ਗਵਰਨਰ ਹਾਊਸ ਪਹੁੰਚੇ ਸਨ, ਜਿੱਥੇ ਬਨਵਾਰੀ ਲਾਲ ਪਰੋਹਿਤ ਵਲੋਂ ਇਸ ਮੁੱਦੇ ਤੇ ਕੋਈ ਵੀ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ ਗਈ ਅਤੇ ਉਨ੍ਹਾਂ ਨੂੰ ਬਿਨਾਂ ਮਿਲੇ ਉਥੋਂ ਆਉਣਾ ਪਿਆ।
ਮੇਅਰ ਕੁਲਦੀਪ ਕੁਮਾਰ ਨੇ ਇਸ ਮੌਕੇ ਕਿਹਾ ਕਿ ਉਹ ਮੇਅਰ ਬਣਨ ਦੇ ਪਹਿਲੇ ਦਿਨ ਤੋਂ ਹੀ ਸ਼ਹਿਰ ਵਾਸੀਆਂ ਦੀ ਭਲਾਈ ਦੇ ਲਈ ਦਿਨ–ਰਾਤ ਕੰਮ ਕਰ ਰਹੇ ਹਨ। ਮੇਰਾ ਅਤੇ ਮੇਰੇ ਸਾਰੇ ਕੌਂਸਲਰ ਸਾਥੀਆਂ ਦਾ ਇੱਕ ਹੀ ਮੁੱਦਾ ਹੈ, ਕਿ ਚੰਡੀਗੜ੍ਹ ਵਾਸੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਚਾਹੇ ਉਹ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਮੁਹੱਈਆ ਕਰਵਾਉਣ ਦਾ ਮੁੱਦਾ ਹੋਵੇ ਜਾਂ ਚੰਡੀਗੜ੍ਹ ਵਿੱਚ ਮੁਫ਼ਤ ਪਾਰਕਿੰਗ ਮੁਹੱਈਆ ਕਰਵਾਉਣ ਦਾ ਮੁੱਦਾ ਹੋਵੇ।
ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਈਂ ਵਾਰ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਮੁੱਦੇ ਚੁੱਕ ਚੁੱਕੇ ਹਾਂ। ਪਰ ਪਿਛਲੀ ਵਾਰ ਸ਼ਾਇਦ ਕੁੱਝ ਲੋਕਾਂ ਨੇ ਗਲਤ ਤੱਥਾਂ ਦੇ ਆਧਾਰ ਤੇ ਰਾਜਪਾਲ ਜੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਕੱਲ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਤੋਂ ਸਮਾਂ ਮੰਗਿਆ ਸੀ, ਤਾਂ ਜੋ ਅਸੀਂ ਉਨ੍ਹਾਂ ਨੂੰ ਆਪਣੇ ਇਰਾਦਿਆਂ ਅਤੇ ਲੋਕਾਂ ਦੀ ਚਿੰਤਾ ਦੇ ਇਸ ਮਹੱਤਵਪੂਰਨ ਮੁੱਦੇ ਬਾਰੇ ਉਨ੍ਹਾਂ ਨੂੰ ਹੋਰ ਸਪੱਸ਼ਟ ਕਰ ਸਕੀਏ। ਪਰ ਗਵਰਨਰ ਸਾਹਿਬ ਨੇ ਇਹ ਕਹਿ ਕੇ ਮਿਲਣ ਤੋਂ ਮਨਾਂ ਕਰ ਦਿੱਤਾ, ਕਿ ਉਹ ਇਸ ਮੁੱਦੇ ਤੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੇ।
ਮੇਅਰ ਕੁਲਦੀਪ ਕੁਮਾਰ ਨੇ ਅੱਗੇ ਕਿਹਾ ਕਿ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਅਤੇ ਲੋਕਾਂ ਨਾਲ ਜੁੜੇ ਹੋਏ ਮੁੱਦਿਆਂ ਨੂੰ ਲਗਾਤਾਰ ਰਾਜਪਾਲ ਜੀ ਦੇ ਸਾਹਮਣੇ ਲਿਆਉਣਾ ਮੇਰਾ ਫਰਜ਼ ਹੈ, ਜੋ ਕਿ ਮੈਂ ਅੱਗੇ ਵੀ ਕਰਦਾ ਰਹਾਂਗਾ। ਉਨ੍ਹਾ ਕਿਹਾ ਕਿ ਮੈਂ ਇੱਕ ਫਿਰ ਤੋਂ ਇਹ ਕੋਸ਼ਿਸ਼ ਕਰਾਂਗੇ ਕਿ ਰਾਜਪਾਲ ਜੀ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਜੋ ਜਨਤਾ ਨਾਲ ਸਬੰਧਿਤ ਹਨ, ਕੌਂਸਲਰ ਜਨਤਾ ਦੀ ਅਵਾਜ਼ ਹਨ। ਇਸ ਲਈ ਰਾਜਪਾਲ ਤੱਕ ਲੋਕਾਂ ਦੀ ਅਵਾਜ਼ ਪਹੁੰਚਾਉਣਾ ਮੇਰਾ ਫਰਜ਼ ਹੈ।
ਉਨ੍ਹਾ ਕਿਹਾ ਕਿ ਮੈਂ ਗਵਰਨਰ ਹਾਊਸ ਜਨਤਾ ਨਾਲ ਜੁੜੇ ਇਸ ਅਹਿਮ ਮੁੱਦੇ ਬਾਰੇ ਰਾਜਪਾਲ ਜੀ ਨੂੰ ਇਸ ਲਈ ਮਿਲਣ ਗਿਆ ਸੀ, ਤਾਂ ਜੋ ਮੈਂ ਇਸ ਅਹਿਮ ਮੁੱਦੇ ਬਾਰੇ ਉਨ੍ਹਾਂ ਨੂੰ ਦੱਸ ਸਕਾਂ। ਪਰ ਰਾਜਪਾਲ ਜੀ ਨੇ ਮੈਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਹੀ ਅਪਾਇੰਟਮੈਂਟ ਲਈ ਸੀ, ਮੈਨੂੰ ਸਮਾਂ ਵੀ ਦੇ ਦਿੱਤਾ ਗਿਆ ਸੀ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ 20,000 ਲੀਟਰ ਮੁਫਤ ਪਾਣੀ ਵਰਗੇ ਜਨਤਕ ਮੁੱਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਤਾਂ ਉਨ੍ਹਾਂ ਦੇ ਓਐਸਡੀ ਨੇ ਮੇਰੀ ਅਪਾਇੰਟਮੈਂਟ ਰੱਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਰਾਜਪਾਲ ਜਨਤਾ ਨਾਲ ਜੁੜੇ ਮੁੱਦਿਆਂ ਨੂੰ ਸੁਣਨ ਤੋਂ ਇਨਕਾਰ ਕਰ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅੱਜ ਮੈਂ ਫਿਰ ਰਾਜਪਾਲ ਸਾਹਿਬ ਨੂੰ ਬੇਨਤੀ ਕਰਨਾ ਕਰਦਾ ਹਾਂ ਕਿ ਰਾਜਪਾਲ ਸਾਹਿਬ, ਮੈਂ, ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ, ਤੁਹਾਡੇ ਨਾਲ ਮਿਲਣ ਲਈ ਸਮਾਂ ਮੰਗਣਾ ਚਾਹੁੰਦਾ ਹਾਂ, ਜਿਸ ਵਿੱਚ ਮੈਂ ਜਨਤਾ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨਾ ਚਾਹੁੰਦਾ ਹਾਂ, ਜਿਸ ਵਿੱਚ ਮੁੱਖ ਮੁੱਦਾ ਲੋਕਾਂ ਨੂੰ 20,000 ਲੀਟਰ ਮੁਫਤ ਪਾਣੀ ਦੇਣ ਦਾ ਸ਼ਾਮਿਲ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਇੱਕ ਮੌਕਾ ਦਿਓ ਤਾਂ ਜੋ ਮੈਂ ਤੁਹਾਡੇ ਸਾਹਮਣੇ ਜਨਤਾ ਦਾ ਪੱਖ ਪੇਸ਼ ਕਰ ਸਕਾਂ।
ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਰਾਜਪਾਲ ਜੀ ਦਾ ਇਸ ਤਰ੍ਹਾਂ ਨਾਲ ਮੇਅਰ ਕੁਲਦੀਪ ਕੁਮਾਰ ਨੂੰ ਮਿਲਣ ਤੋਂ ਨਾਂਹ ਕਰਨਾ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੇਅਰ ਕੁਲਦੀਪ ਕੁਮਾਰ ਆਪਣੇ ਨਿੱਜੀ ਕੰਮ ਲਈ ਰਾਜਪਾਲ ਜੀ ਨੂੰ ਮਿਲਣ ਨਹੀਂ ਗਏ ਸਨ, ਉਹ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਉਨ੍ਹਾਂ ਨੂੰ ਮਿਲਣ ਗਏ ਸਨ। ਉਨ੍ਹਾਂ ਕਿਹਾ ਕਿ ਰਾਜਪਾਲ ਇਸ ਤਰ੍ਹਾਂ ਕਰਕੇ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਤੋਂ ਦੂਰ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਮੇਅਰ ਕੁਲਦੀਪ ਕੁਮਾਰ ਨੂੰ ਮਿਲਣ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।