ਗ੍ਰੰਥੀ ਨੇ ਘਰ ‘ਚ ਬਣਾਇਆ ਸੀ ਨਿੱਜੀ ਗੁਰਦੁਆਰਾ ਸਾਹਿਬ, ਮਾਪਿਆਂ ਤੋਂ ਚੋਰੀ ਬੱਚਿਆਂ ਦੇ ਕਰਾਉਂਦਾ ਸੀ ਵਿਆਹ

  • ਅੰਮ੍ਰਿਤਸਰ ਦੇ ਵਿੱਚ ਘਰ ਚ ਬਣਾਇਆ ਗ੍ਰੰਥੀ ਨੇ ਗੁਰਦੁਆਰਾ ਸਾਹਿਬ
  • ਮੌਕੇ ਤੇ ਪਹੁੰਚੀਆਂ ਸਿੱਖ ਜਥੇਬੰਦੀਆਂ ਨੇ ਕੀਤਾ ਸਾਰਾ ਖੁਲਾਸਾ

ਅੰਮ੍ਰਿਤਸਰ, 10 ਅਪ੍ਰੈਲ 2022 – ਅੱਜ ਕੱਲ੍ਹ ਕੁਝ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਬਿਜ਼ਨੈੱਸ ਬਣਾ ਕੇ ਰੱਖ ਦਿੱਤਾ ਅਤੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਗੁਰੂ ਨਾਨਕ ਪੁਰਾ ਦਾ ਜਿੱਥੇ ਕਿ ਇੱਕ ਗ੍ਰੰਥੀ ਸਿੰਘ ਵੱਲੋਂ ਆਪਣੇ ਘਰ ਦੇ ਵਿਚ ਹੀ ਆਪਣੀ ਨਿੱਜੀ ਜ਼ਮੀਨ ਦੇ ਉੱਤੇ ਇਕ ਗੁਰਦੁਆਰਾ ਸਾਹਿਬ ਬਣਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਗਲਤ ਤਰੀਕੇ ਨਾਲ ਵਿਆਹ ਕਰਵਾਏ ਜਾਂਦੇ ਸਨ। ਜਿਸ ਦਾ ਪਤਾ ਲੱਗਣ ਤੇ ਸਿੱਖ ਜਥੇਬੰਦੀਆਂ ਵੱਲੋਂ ਉੱਥੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ।

ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਨੂੰ ਦਰਕਿਨਾਰ ਕਰਕੇ ਆਪਣੀ ਮਰਜ਼ੀ ਦੇ ਨਾਲ ਲਵ ਮੈਰਿਜ ਕਰਾਉਣ ਚ ਸਭ ਤੋਂ ਅੱਗੇ ਜਾ ਰਹੀ ਹੈ। ਜਿਸ ਦੇ ਚਲਦੇ ਲਵ ਮੈਰਿਜ ਲਈ ਹਾਈਕੋਰਟ ਵਿੱਚ ਸਰਟੀਫਿਕੇਟ ਲੈਣ ਤੋਂ ਪਹਿਲਾਂ ਲੜਕਾ ਲੜਕੀ ਨੂੰ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਜਾ ਕੇ ਲਾਵਾਂ ਫੇਰੇ ਲੈਣੇ ਪੈਂਦੇ ਹਨ ਅਤੇ ਹੁਣ ਹਾਈ ਕੋਰਟ ਵੱਲੋਂ ਸਖ਼ਤ ਨਿਰਦੇਸ਼ ਹਨ ਕਿ ਜਿੰਨੀ ਦੇਰ ਤੱਕ ਲੜਕਾ ਲੜਕੀ ਦੇ ਪਰਿਵਾਰਕ ਮੈਂਬਰ ਸਹਿਮਤ ਨਾ ਹੁਣ ਓਨੀ ਦੇਰ ਤਕ ਗੁਰਦੁਆਰਾ ਜਾਂ ਮੰਦਿਰ ਦੇ ਵਿਚ ਵਿਆਹ ਨਹੀਂ ਹੋ ਸਕਦਾ।

ਪਰ ਇਨ੍ਹਾਂ ਸਾਰੇ ਹੁਕਮਾਂ ਨੂੰ ਛਿੱਕੇ ਟੰਗ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਜ਼ਨਸ ਬਣਾ ਕੇ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਵਿਚ ਇਕ ਗ੍ਰੰਥੀ ਸਿੰਘ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਜ਼ਨਸ ਬਣਾ ਕੇ ਇਨ੍ਹਾਂ ਲੜਕੇ ਲੜਕੀਆਂ ਦੇ ਵਿਆਹ ਧੜੱਲੇ ਨਾਲ ਕਰਵਾਏ ਜਾ ਰਹੇ ਸਨ ਅਤੇ ਜਦੋਂ ਮੁਹੱਲਾ ਵਾਸੀਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਤਾਂ ਫਿਰ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਆ ਕੇ ਗੁਰਦੁਆਰਾ ਸਾਹਿਬ ਦੇ ਵਿਚ ਜਾਂਚ ਕੀਤੀ ਗਈ ਤੇ ਜਾਂਚ ਦੌਰਾਨ ਪਾਇਆ ਗਿਆ ਕਿ ਅਸਲ ਵਿਚ ਇਸ ਨਿੱਜੀ ਗੁਰਦੁਆਰੇ ਦਾ ਗ੍ਰੰਥੀ ਸਿੰਘ ਵੱਲੋਂ ਚੰਦ ਪੈਸਿਆਂ ਦੀ ਖਾਤਰ ਗੁਰਦੁਆਰਾ ਸਾਹਿਬ ਦੇ ਅੰਦਰ ਇੰਟਰ ਕਾਸਟ ਲੜਕੇ ਲੜਕੀਆਂ ਦੇ ਵਿਆਹ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਹੀ ਕਰਵਾਉਂਦਾ ਸੀ।

ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਣ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਵੀ ਨਜ਼ਦੀਕੀ ਇਤਿਹਾਸਕ ਗੁਰਦੁਆਰਾ ਬੋਹਡ਼ੀ ਸਾਹਿਬ ਵਿਖੇ ਜਾ ਕੇ ਸੁਸ਼ੋਭਿਤ ਕਰਵਾਏ ਗਏ। ਇਸ ਸੰਬੰਧੀ ਗੱਲਬਾਤ ਕਰਦੇ ਸਿੱਖ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਘਰ ਦੇ ਵਿਚ ਗੁਰਦੁਆਰਾ ਸਾਹਿਬ ਬਣਾ ਕੇ ਰੱਖਿਆ ਹੋਇਆ ਹੈ ਤੇ ਇਸ ਗ੍ਰੰਥੀ ਸਿੰਘ ਵੱਲੋਂ ਲਵ ਮੈਰਿਜ ਕਰਵਾਉਣ ਵਾਲੇ ਲੜਕੇ ਲੜਕੀਆਂ ਦੇ ਅਨੰਦ ਕਾਰਜ ਚੰਦ ਪੈਸਿਆਂ ਦੀ ਖਾਤਿਰ ਇੱਥੇ ਕਰਵਾਏ ਜਾ ਰਹੇ ਹਨ ਜੋ ਕਿ ਕਾਨੂੰਨੀ ਤੌਰ ਤੇ ਵੀ ਗਲਤ ਹੈ ਅਤੇ ਗੁਰੂ ਸਹਿਬਾਨ ਦੀ ਮਰਜ਼ੀ ਦੇ ਵੀ ਖ਼ਿਲਾਫ਼ ਹੈ।

ਇਸ ਦੇ ਚੱਲਦੇ ਅੱਜ ਇਨ੍ਹਾਂ ਵੱਲੋਂ ਇੱਥੇ ਅੱਗੇ ਜਾਂਚ ਕੀਤੀ ਗਈ ਤਾਂ ਇਸ ਗੁਰਦੁਆਰੇ ਦੇ ਗ੍ਰੰਥੀ ਨੇ ਮੰਨਿਆ ਕਿ ਉਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੱਥੇ ਗ਼ਲਤ ਤਰੀਕੇ ਨਾਲ ਵਿਆਹ ਕਰਵਾਏ ਜਾ ਰਹੇ ਹਨ। ਜਿਸ ਤੋਂ ਬਾਅਦ ਪਰਮਜੀਤ ਸਿੰਘ ਅਕਾਲੀ ਹੁਣਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਖ਼ਿਲਾਫ਼ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਜੋ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਿੱਤੇ ਹਨ ਉਹ ਕਿਤੇ ਲਾਪਤਾ ਤਿੱਨ ਸੌ ਅਠਾਈ ਸਰੂਪਾਂ ਵਿਚੋਂ ਇਹ ਸਰੂਪ ਤਾਂ ਨਹੀਂ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਕਿਹਾ ਕਿ ਉਹ ਪਹਿਲਾਂ ਕਿਸੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਨ ਲੇਕਿਨ ਤਨਖਾਹ ਥੋੜ੍ਹੀ ਮਿਲਣ ਕਰਕੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਇਸ ਲਈ ਉਨ੍ਹਾਂ ਵੱਲੋਂ ਆਪਣੀ ਨਿੱਜੀ ਪ੍ਰਾਪਰਟੀ ਵਿਚ ਗੁਰਦੁਆਰਾ ਸਾਹਿਬ ਖੋਲ੍ਹ ਲਿਆ ਗਿਆ ਅਤੇ ਕੁਝ ਲੋਕਾਂ ਦੇ ਬਹਿਕਾਵੇ ਚ ਆ ਕੇ ਇਸ ਤਰੀਕੇ ਨਾਲ ਗ਼ਲਤ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਗ੍ਰੰਥੀ ਸਿੰਘ ਨੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਸਿੱਖ ਜਥੇਬੰਦੀਆਂ ਕੋਲੋਂ ਮੁਆਫੀ ਵੀ ਮੰਗੀ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਲਈ ਵੀ ਕਿਹਾ। ਇਸਦੇ ਨਾਲ ਹੀ ਗ੍ਰੰਥੀ ਸਿੰਘ ਨੇ ਕਿਹਾ ਕਿ ਜੋ ਗੁਰਦੁਆਰਾ ਸਾਹਿਬ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਹੈ ਉਹ ਸਰੂਪ ਗੁਰਦੁਆਰਾ ਰਾਮਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਹੀ ਲੈ ਕੇ ਆਏ ਹਨ।

ਇਸ ਦੌਰਾਨ ਗੁਰੂ ਨਾਨਕਪੁਰਾ ਦੇ ਸਾਬਕਾ ਕੌਂਸਲਰ ਅਨੂਪ ਕੁਮਾਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਮੁਹੱਲਾ ਵਾਸੀਆਂ ਵੱਲੋਂ ਇਸ ਦੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨਾਲ ਰਾਬਤਾ ਕਾਇਮ ਕਰਕੇ ਇਥੇ ਪਹੁੰਚੇ ਅਤੇ ਇਸ ਦਾ ਸਕੈਂਡਲ ਦਾ ਖੁਲਾਸਾ ਕੀਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇੱਥੇ ਗ਼ਲਤ ਤਰੀਕੇ ਨਾਲ ਵਿਆਹ ਹੁੰਦੇ ਆ ਰਹੇ ਸੀ ਕਈ ਵਾਰ ਇਸ ਗ੍ਰੰਥੀ ਨੂੰ ਸਮਝਾਉਣ ਤੇ ਇਹ ਗ੍ਰੰਥੀ ਨਹੀਂ ਸੀ ਮੰਨਦਾ ਅਤੇ ਉਨ੍ਹਾਂ ਨੂੰ ਧਮਕੀ ਲਗਾਉਂਦਾ ਸੀ ਕਿ ਜੋ ਕਿਸੇ ਨੇ ਕਰਨਾ ਕਰ ਲੈਣ ਉਹ ਇਸੇ ਤਰੀਕੇ ਨਾਲ ਇਥੇ ਵਿਆਹ ਕਰਵਾਉਂਦਾ ਰਹੇਗਾ।

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗਲਤ ਤਰੀਕੇ ਨਾਲ ਵਿਆਹ ਹੋ ਰਹੇ ਹਨ ਜਿਸ ਦੇ ਬਾਅਦ ਕੁਝ ਸਿੱਖ ਜਥੇਬੰਦੀਆਂ ਵੀ ਇੱਥੇ ਪਹੁੰਚੀਆਂ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵਿਰੋਧੀ ਧਿਰ ਵੱਲੋਂ ਲਿਖਤੀ ਦਰਖਾਸਤ ਨਹੀਂ ਦਿੱਤੀ ਗਈ ਅਤੇ ਲਿਖਤੀ ਦਰਖਾਸਤ ਆਉਣ ਤੋਂ ਬਾਅਦ ਹੀ ਪੁਲਸ ਇਸ ਮਾਮਲੇ ‘ਚ ਕਾਰਵਾਈ ਕਰੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਿਆਲਾ ‘ਚ ਹੋਏ ਕਬੱਡੀ ਕਲੱਬ ਦੇ ਪ੍ਰਧਾਨ ਦਾ ਕਤਲ ਮਾਮਲਾ ਪੁਲਿਸ ਨੇ ਸੁਲਝਾਇਆ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੱਕਾਸ਼ੀ ਚੋਂ ਡਿੱਗੇ ਨਗ ਬਾਰੇ ਮੈਨੇਜਰ ਭੰਗਾਲੀ ਨੇ ਦਿੱਤੀ ਸਫਾਈ