ਮਲੇਰਕੋਟਲਾ, 18 ਅਗਸਤ 2022 – ਮਲੇਰਕੋਟਲਾ ਦੇ ਇਕ ਪਿੰਡ ਅਬਦੁੱਲਾਪੁਰ ਚੂਹਾਣੇ ਵਿਚ ਦਲਿਤ ਸਿੱਖ ਦੀ ਪਿੰਡ ਵਾਸੀਆਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰੰਥੀ ਦੀ ਕੁੱਟਮਾਰ ਇੱਕ ਔਰਤ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ ਕੀਤੀ ਗਈ ਹੈ। ਇਹ ਹੀ ਨਹੀਂ ਕੁੱਟਮਾਰ ਕਰਨ ਵਾਲਿਆਂ ਵੱਲੋਂ ਦਲਿਤ ਸਿੱਖ ਦੇ ਮੂੰਹ ‘ਤੇ ਪਿਸ਼ਾਬ ਸੁੱਟਿਆ ਗਿਆ ਅਤੇ ਉਸ ਦਾ ਮੂੰਹ ਵੀ ਕਾਲਾ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਵਾਲਮੀਕਿ ਸਮਾਜ ਵਿੱਚ ਰੋਸ ਦੀ ਲਹਿਰ ਹੈ।
ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਘਟਨਾ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਉਥੇ ਹੀ ਇਸ ਸਾਰੇ ਮਾਮਲੇ ‘ਤੇ ਗ੍ਰੰਥੀ ਹਰਦੇਵ ਸਿੰਘ ਨੇ ਦੋਸ਼ ਲਾਏ ਕੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਮੂੰਹ ਕਾਲਾ ਕਰਨ ਦੇ ਨਾਲ-ਨਾਲ ਜਾਤੀ ਸੂਚਕ ਸ਼ਬਦ ਬੋਲ ਕੇ ਉਸ ਦੇ ਭਰਾ ਨੂੰ ਨੰਗਾ ਕਰਕੇ ਜ਼ਲੀਲ ਕੀਤਾ ਗਿਆ। ਇਸ ਦੇ ਨਾਲ ਹੀ ਗ੍ਰੰਥੀ ਨੇ ਇਹ ਵੀ ਦੋਸ਼ ਲਾਏ ਕਿ ਉਸ ਦੀ ਜੇਬ ਵਿੱਚੋਂ ਫੋਨ ਅਤੇ 4500 ਰੁਪਏ ਵੀ ਖੋਹ ਲਏ ਗਏ। ਅੱਗੇ ਉਸ ਨੇ ਇਹ ਵੀ ਕਿਹਾ ਕੇ ਉਸ ਦੇ ਕਿਸੇ ਔਰਤ ਨਾਲ ਸਬੰਧ ਨਹੀਂ ਹਨ।
ਉਥੇ ਹੀ ਇਸ ਘਟਨਾ ਤੋਂ ਬਾਅਦ ਗੇਜਾ ਰਾਮ (ਵਾਲਮੀਕਿ ਕੌਮ ਪ੍ਰਧਾਨ ਕੇਂਦਰੀ ਵਾਲਮੀਕਿ ਸਭਾ ਭਾਰਤ ਅਤੇ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਸਰਕਾਰ) ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕੀਤਾ ਜਾਵੇ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ, ਸਗੋਂ ਐੱਸ.ਸੀ. ਐਕਟ ਤਹਿਤ ਉਕਤ ਸਾਰੇ ਦੋਸ਼ੀਆਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ |