- ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਸਹੁੰ ਚੁਕਵਾਈ
- ਪੰਜਾਬ ਰਾਜ ਭਾਵਾਂ ‘ਚ ਹੋਇਆ ਸਹੁੰ ਚੁੱਕ ਸਮਾਗਮ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਹੋਰ ਮਹਿਮਾਨ ਹੋਏ ਸ਼ਾਮਲ
ਚੰਡੀਗੜ੍ਹ, 31 ਜੁਲਾਈ 2024 – ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਰਾਜਪਾਲ ਦੇ ਨਾਲ-ਨਾਲ ਕਟਾਰੀਆ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਕੰਮ ਵੀ ਦੇਖਣਗੇ।
ਇਸ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਲਾਬ ਚੰਦ ਕਟਾਰੀਆ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ।
ਗੁਲਾਬਚੰਦ ਕਟਾਰੀਆ ਦਾ ਜਨਮ 13 ਅਕਤੂਬਰ 1944 ਨੂੰ ਦੇਲਵਾੜਾ, ਰਾਜਸਮੰਦ ਵਿੱਚ ਹੋਇਆ ਸੀ। ਕਟਾਰੀਆ ਨੇ ਐਮ.ਏ., ਬੀ.ਐੱਡ ਅਤੇ ਐਲ.ਐਲ.ਬੀ. ਤੱਕ ਪੜ੍ਹਾਈ ਕੀਤੀ ਹੈ। ਉਸ ਦੀਆਂ ਪੰਜ ਧੀਆਂ ਹਨ। ਉੱਚ ਸਿੱਖਿਆ ਤੋਂ ਬਾਅਦ ਉਹ ਉਦੈਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਪਏ। ਕਾਲਜ ਦੇ ਸਮੇਂ ਵਿੱਚ ਆਰਐਸਐਸ ਵਿੱਚ ਸ਼ਾਮਲ ਹੋਏ। ਕਟਾਰੀਆ ਨੇ ਜਨ ਸੰਘ ਦੇ ਦਿੱਗਜ ਨੇਤਾਵਾਂ ਸੁੰਦਰ ਸਿੰਘ ਭੰਡਾਰੀ ਅਤੇ ਭਾਨੂ ਕੁਮਾਰ ਸ਼ਾਸਤਰੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਗੁਲਾਬ ਚੰਦ ਕਟਾਰੀਆ ਰਾਜਸਥਾਨ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੂਬਾ ਸਰਕਾਰ ਵਿਚ ਗ੍ਰਹਿ ਮੰਤਰੀ ਰਹਿ ਚੁੱਕੇ ਹਨ ਤੇ ਇਸ ਦੇ ਨਾਲ ਹੀ ਉਹ 8 ਵਾਰ ਐਮ.ਐਲ.ਏ. ਅਤੇ ਇਕ ਵਾਰ ਐਮ.ਪੀ. ਵੀ ਰਹੇ ਹਨ। ਕਟਾਰੀਆ 1993 ਤੋਂ ਲਗਾਤਾਰ ਵਿਧਾਇਕ ਹਨ। 2003 ਤੋਂ 2018 ਤੱਕ ਲਗਾਤਾਰ ਚਾਰ ਵਾਰ ਉਦੈਪੁਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ। 1993 ਵਿੱਚ ਵੀ ਉਹ ਉਦੈਪੁਰ ਸ਼ਹਿਰ ਤੋਂ ਵਿਧਾਨ ਸਭਾ ਚੋਣ ਜਿੱਤੇ। ਕਟਾਰੀਆ ਨੇ 1998 ‘ਚ ਵਿਧਾਨ ਸਭਾ ਚੋਣਾਂ ਵੀ ਜਿੱਤੀਆਂ ਸਨ ਪਰ ਉਦੋਂ ਉਨ੍ਹਾਂ ਨੇ ਮਾੜੀ ਸਦਰੀ ਸੀਟ ਤੋਂ ਚੋਣ ਲੜੀ ਸੀ।