ਪਟਿਆਲਾ, 21 ਫਰਵਰੀ 2024 – ਪਟਿਆਲਾ ‘ਚ ਵਿੱਚ ਇੱਕ ਜਿੰਮ ਟਰੇਨਰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ ਕਿਉਂਕਿ ਉਸਨੇ ਮਿਹਨਤ ਕਰਕੇ ਆਪਣਾ ਸਰੀਰ ਵਧੀਆ ਬਣਾ ਲਿਆ ਸੀ। ਨੌਜਵਾਨ ਦੇ ਵਧੀਆ ਸਰੀਰ ਤੋਂ ਈਰਖਾ ਕਰਕੇ ਉਸ ਦੇ ਜਿੰਮ ਦੇ ਕੁਝ ਨੌਜਵਾਨਾਂ ਨੇ ਉਸ ਦੀ ਘੇਰ ਕੇ ਕੁੱਟਮਾਰ ਕੀਤੀ। 10 ਦਿਨਾਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (25) ਵਾਸੀ ਜੈਮਲ ਕਲੋਨੀ, ਨਾਭਾ ਵਜੋਂ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਪਹਿਲਾਂ ਚਾਰ ਮੁਲਜ਼ਮਾਂ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕੀਤਾ ਸੀ। ਪਰ ਹੁਣ ਇਨ੍ਹਾਂ ਵਿੱਚ ਕਤਲ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਹਮਲੇ ਦੌਰਾਨ ਹਰਪ੍ਰੀਤ ਦੇ ਸਿਰ ਵਿੱਚ 42 ਟਾਂਕੇ ਲੱਗੇ ਸਨ। ਉਹ ਕੋਮਾ ਵਿੱਚ ਚੱਲ ਰਿਹਾ ਸੀ।
ਸ਼ਿਕਾਇਤਕਰਤਾ ਸੁਰਜੀਤ ਕੌਰ ਵਾਸੀ ਜੈਮਲ ਸਿੰਘ ਕਲੋਨੀ ਨਾਭਾ ਨੇ ਦੱਸਿਆ ਕਿ ਉਸ ਦਾ ਲੜਕਾ ਹਰਪ੍ਰੀਤ ਕਈ ਸਾਲਾਂ ਤੋਂ ਜਿੰਮ ਜਾਂਦਾ ਸੀ। ਇਸ ਕਾਰਨ ਉਸ ਦਾ ਸਰੀਰ ਕਾਫੀ ਵਧੀਆ ਹੋ ਗਿਆ ਸੀ। ਜਿੰਮ ‘ਚ ਆਉਣ ਵਾਲੇ ਲੋਕ ਉਸ ਤੋਂ ਟ੍ਰੇਨਿੰਗ ਲੈਂਦੇ ਸਨ ਅਤੇ ਅਕਸਰ ਉਸ ਦੀ ਡਾਈਟ ਬਾਰੇ ਪੁੱਛਦੇ ਸਨ।
ਉਸ ਨੇ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ ਵੀ ਇਸੇ ਜਿੰਮ ਵਿੱਚ ਆਉਂਦਾ ਜਾਂਦਾ ਸੀ। ਹਰਪ੍ਰੀਤ ਦਾ ਸਰੀਰ ਦੇਖ ਕੇ ਉਸ ਨੂੰ ਈਰਖਾ ਹੋਣ ਲੱਗੀ। ਇਸੇ ਰੰਜਿਸ਼ ਕਾਰਨ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 10 ਫਰਵਰੀ ਦੀ ਸ਼ਾਮ 7 ਵਜੇ ਹਰਪ੍ਰੀਤ ’ਤੇ ਹਮਲਾ ਕਰ ਦਿੱਤਾ। ਮੁਲਜ਼ਮ ਬਲਵਿੰਦਰ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਹਰਪ੍ਰੀਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦਾ ਆਈਫੋਨ ਵੀ ਖੋਹ ਲਿਆ ਗਿਆ, ਤਾਂ ਜੋ ਉਹ ਕਿਸੇ ਨੂੰ ਮਦਦ ਲਈ ਬੁਲਾ ਨਾ ਸਕੇ।
ਥਾਣਾ ਕੋਤਵਾਲੀ ਨਾਭਾ ਦੀ ਪੁਲੀਸ ਨੇ ਸੁਰਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਬਲਵਿੰਦਰ ਸਿੰਘ ਵਾਸੀ ਪਿੰਡ ਜੌਲੀਆਂ (ਹਾਲ ਵਾਸੀ ਹੀਰਾ ਮਹਿਲ) ਨਾਭਾ, ਸੋਨੀ ਸੈਂਸੀ ਵਾਸੀ ਖੇਡੀ ਗੋਦੀਆ, ਸਿਕੰਦਰ ਵਾਸੀ ਬੋੜਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕਲਾਂ, ਠੁੱਲੀ ਵਾਸੀ ਰਾਮਗੜ੍ਹ ਅਤੇ ਕੁਝ ਅਣਪਛਾਤੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।