ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਚਾਰ MLAs ਸਮੇਤ ਜ਼ਿਲ੍ਹੇ ਦੇ ਦਰਿਆ ਸਤਲੁਜ ਤੋਂ ਪ੍ਰਭਾਵਿਤ ਖੇਤਰਾਂ ਦਾ ਕਿਸ਼ਤੀ ਵਿੱਚ ਬੈਠ ਕੇ ਦੌਰਾ

  • ਪਾਣੀ ਦੇ ਡਰ ਤੋਂ ਬਿਨਾ ਲੋਕਾਂ ਨੂੰ ਮਿਲੇ ਵਾਪਸ ਪਰਤੇ ਸੁਖਬੀਰ ਬਾਦਲ
  • ਕਿਹਾ, ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ
  • ਕੈਬਨਿਟ ਮੰਤਰੀ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਸਮੇਤ ਕਿਸ਼ਤੀ ਵਿੱਚ ਸਵਾਰ ਹੋ ਕੇ ਬੰਨ੍ਹ ਵਿਚਲੇ ਘਰਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ
  • ਮੰਤਰੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਫੌਜ ਅਤੇ ਬੀ.ਐਸ.ਐਫ਼ ਦੇ ਜਵਾਨਾਂ ਦੇ ਕੰਮ ਦੀ ਸਰਾਹਨਾ
  • ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮੁਸ਼ਕਿਲ ਦੀ ਘੜੀ ਵਿੱਚ ਸਿਆਸੀ ਰੋਟੀਆਂ ਸੇਕਣ ਦੀ ਥਾਂ ਪੀੜ੍ਹਤਾਂ ਦੀ ਮਦਦ ਲਈ ਕਿਹਾ

ਫ਼ਿਰੋਜ਼ਪੁਰ 13 ਜੁਲਾਈ 2023: ਪੰਜਾਬ ਦੇ ਊਰਜਾ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਵੱਲੋਂ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਿਧਾਇਕਾਂ ਸ. ਰਣਬੀਰ ਸਿੰਘ ਭੁੱਲਰ, ਸ੍ਰੀ ਰਜਨੀਸ਼ ਦਹੀਆ, ਸ੍ਰੀ ਨਰੇਸ਼ ਕਟਾਰੀਆ ਅਤੇ ਸ. ਫੌਜਾ ਸਿੰਘ ਸਰਾਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਐਸ.ਐਸ.ਪੀ. ਸ. ਭੁਪਿੰਦਰ ਸਿੰਘ ਸਿੱਧੂ ਨਾਲ ਸਤਲੁਜ ਦਰਿਆ ਦੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਰੁਕਨੇ ਵਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਜਲੋ ਕੇ, ਬੰਡਾਲਾ ਆਦਿ ਦਾ ਦੌਰਾ ਕੀਤਾ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਉਨ੍ਹਾਂ ਹੂਸੈਨੀਵਾਲਾ ਨਜ਼ਦੀਕ ਪਿੰਡ ਹਜ਼ਾਰਾ ਸਿੰਘ ਵਾਲਾ ਸਮੇਤ ਹੋਰ ਪਿੰਡਾਂ ਦਾ ਦੌਰਾ ਵੀ ਕੀਤਾ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਬਚਾਅ ਕਾਰਜਾਂ ਵਿੱਚ ਲੱਗੇ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਸੈਨਾ ਅਤੇ ਬੀ.ਐਸ.ਐਫ. ਦੇ ਅਧਿਕਾਰੀਆਂ/ ਕਰਮਚਾਰੀਆਂ ਦੇ ਕੰਮ ਦੀ ਸਰਾਹਨਾ ਕੀਤੀ ਅਤੇ ਸ਼ਾਬਾਸ਼ ਵੀ ਦਿੱਤੀ। ਉਨ੍ਹਾਂ ਨੇ ਬਚਾਅ ਕਾਰਜਾਂ ਵਿੱਚ ਜੁੱਟੀਆਂ ਟੀਮਾਂ ਅਤੇ ਪਾਣੀ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਫਲ ਵੀ ਵੰਡੇ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਵਿੱਚ ਜੁੱਟੀਆਂ ਹੋਈਆਂ ਟੀਮਾਂ ਕੀਮਤੀ ਜਾਨਾਂ ਨੂੰ ਬਚਾ ਕੇ ਸੁਰੱਖਿਅਤ ਰਾਹਤ ਕੈਂਪਾਂ ਵਿੱਚ ਪਹੁੰਚਾ ਰਹੀਆਂ ਹਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਇਸ ਮੁਸ਼ਕਿਲ ਦੀ ਘੜੀ ਵਿੱਚ ਆਪਣੇ ਰਾਜ ਦੇ ਲੋਕਾਂ ਦੇ ਨਾਲ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਰਿਆ ਸਤਲੁਜ ਵਿੱਚ ਹਰੀ ਕੇ ਤੋਂ ਪਾਣੀ ਦਾ ਪੱਧਰ ਘਟਿਆ ਹੈ ਜਿਸ ਕਰਕੇ ਰਾਹਤ ਕਾਰਜਾਂ ਵਿੱਚ ਹੋਰ ਵੀ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਲੋਕਾਂ ਲਈ ਵੱਡੀ ਪੱਧਰ ‘ਤੇ ਰਾਹਤ ਕੈਂਪ ਬਣਾਏ ਗਏ ਹਨ ਜਿਨ੍ਹਾਂ ਵਿੱਚ ਲੰਗਰ, ਦਵਾਈਆਂ, ਪਸ਼ੂਆਂ ਲਈ ਚਾਰਾ, ਤਰਪਾਲ਼ਾਂ ਸਮੇਤ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਲੋਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਇਸ ਮੁਸ਼ਕਿਲ ਦੀ ਘੜੀ ਵਿੱਚ ਪੀੜਤ ਲੋਕਾਂ ਦੀ ਮੱਦਦ ਕਰਨ ਦੀ ਥਾਂ ਸਿਆਸੀ ਲਾਹਾ ਲੈਣ ਦੀ ਸਖ਼ਤ ਆਲੋਚਨਾ ਕੀਤੀ ।ਉਨ੍ਹਾਂ ਕਿਹਾ ਕਿ ਉਹ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ/ਅਧਿਕਾਰੀਆਂ ਨੂੰ ਨਾਲ ਲੈ ਕੇ ਪਾਣੀ ਦੀ ਪਰਵਾਹ ਕੀਤੇ ਬਿਨਾਂ ਪੀੜ੍ਹਤ ਲੋਕਾਂ ਕੋਲ ਪਹੁੰਚੇ ਹਨ ਤੇ ਲੋਕਾਂ ਦਾ ਹਾਲ ਜਾਣਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਪਾਰਟੀਆਂ ਦੇ ਆਗੂ ਸਿਆਸੀ ਰੋਟੀਆਂ ਸੇਕਣ ਲਈ ਭਲਵਾਨੀ ਗੇੜੀ ਮਾਰ ਰਹੇ ਹਨ ਜਿਸ ਤੋਂ ਉਨ੍ਹਾਂ ਦੇ ਕਿਰਦਾਰ ਲੋਕਾਂ ਸਾਹਮਣੇ ਨੰਗੇ ਹੋ ਰਹੇ ਹਨ ਤੇ ਉਨ੍ਹਾਂ ਨੂੰ ਪੀੜਤਾਂ ਨਾਲ ਕੋਈ ਵੀ ਹਮਦਰਦੀ ਨਹੀਂ ਬਲਕਿ ਉਹ ਆਪਣੀ ਗੁਆਚੀ ਸਿਆਸੀ ਸਾਖ ਬਹਾਲ ਕਰਨ ਦੀ ਤਾਂਘ ਵਿੱਚ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕ ਅਜਿਹੇ ਡਰਾਮੇਬਾਜ਼ ਆਗੂਆਂ ਦੇ ਕਿਰਦਾਰ ਤੋਂ ਭਲੀਭਾਂਤ ਜਾਣੂ ਹਨ।

ਇਸ ਮੌਕੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨ ਸ੍ਰੀ ਰਾਜੇਸ਼ ਧੀਮਾਨ ਨੇ ਮੰਤਰੀ ਜੀ ਨੂੰ ਰਾਹਤ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ ਅਤੇ ਬੀ.ਐਸ.ਐਫ ਦੇ ਜਵਾਨ ਪੂਰੀ ਮੁਸਤੈਦੀ ਨਾਲ ਰਾਹਤ ਕਾਰਜਾਂ ਵਿੱਚ ਜੁੱਟੇ ਹੋਏ ਹਨ। ਇਸ ਮੌਕੇ ਵਿਧਾਇਕ ਸ੍ਰੀ ਰਜਨੀਸ਼ ਦਹੀਆ, ਸ੍ਰੀ ਫੌਜਾ ਸਿੰਘ ਸਰਾਰੀ ਅਤੇ ਸ੍ਰੀ ਨਰੇਸ਼ ਕਟਾਰੀਆ ਨੇ ਵੀ ਆਪਣੇ-ਆਪਣੇ ਹਲਕੇ ਵਿੱਚ ਦਰਿਆ ਸਤਲੁਜ ਦੀ ਮਾਰ ਹੇਠ ਆਏ ਇਲਾਕਿਆਂ, ਰਾਹਤ ਕਾਰਜਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸ. ਚੰਦ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ‘ਚ ਵੀ 16 ਜੁਲਾਈ ਤੱਕ ਛੁੱਟੀਆਂ ‘ਚ ਵਾਧਾ

ਸ਼੍ਰੀਹਰੀਕੋਟਾ ਤੋਂ ਅੱਜ ਲਾਂਚ ਹੋਵੇਗਾ ਚੰਦਰਯਾਨ-3, ਇਸਰੋ ਨੇ ਤਿਆਰੀਆਂ ਕੀਤੀਆਂ ਪੂਰੀਆਂ