- ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਵੀ ਚੁੱਕੀਆਂ ਤੇ ਕਿਸਾਨਾਂ ਲਈ ਵਿਆਪਕ ਪੂਰਨ ਕਰਜ਼ਾ ਮੁਆਫੀ ਦੀ ਮੰਗ ਵੀ ਕੀਤੀ
ਚੰਡੀਗੜ੍ਹ, 18 ਜੂਨ 2023: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੂੰ ਅਪੀਲ ਕੀਤੀ ਕਿ ਉਹ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀਬਾੜੀ ਜਿਣਸਾਂ ’ਤੇ ਲਾਗਤ ’ਤੇ 50 ਫੀਸਦੀ ਮੁਨਾਫੇ ਅਨੁਸਾਰ ਐਸ ਐਮ ਪੀ ਦੀ ਗਰੰਟੀ ਦੇਣ ਅਤੇ ਆਖਿਆ ਕਿ ਨਵੰਬਰ 2021 ਵਿਚ ਜਦੋਂ ਤਿੰਨ ਕਾਲੇ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਆਪਣਾ ਅੰਦੋਲਨ ਖਤਮ ਕੀਤਾ ਸੀ, ਉਸ ਵੇਲੇ ਉਹਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ।
ਕੇਂਦਰੀ ਖੇਤੀਬਾੜੀ ਮੰਤਰੀ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਸ ਵੇਲੇ ਪ੍ਰਧਾਨ ਮੰਤਰੀ ਵੱਲੋਂ ਤਿੰਨ ਖੇਤੀ ਕਾਨੂੰਨ ਖਾਰਜ ਕਰਨ ਦਾ ਐਲਾਨ ਕੀਤਾ ਗਿਆ ਤੇ ਉਸ ਮਗਰੋਂ ਕਿਸਾਨਾਂ ਨੇ ਦਿੱਲੀ ਦਾ ਰਸਤਾ ਖੋਲ੍ਹਦਿਆਂ ਅੰਦੋਲਨ ਖਤਮ ਕੀਤਾ ਤਾਂ ਉਸ ਵੇਲੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪਿਛਲੇ 18 ਮਹੀਨਿਆਂ ਤੋਂ ਹੁਣ ਤੱਕ ਪੂਰੇ ਨਹੀਂ ਕੀਤੇ ਗਏ।
ਉਹਨਾਂ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀਕਿ ਉਹ ’ਅੰਨਦਾਤਾ’ ਨਾਲ ਕੀਤੇ ਵਾਅਦੇ ਪੂਰੇ ਕਰਨ। ਉਹਨਾਂ ਕਿਹਾ ਕਿ ਐਮ ਐਸ ਪੀ ਦੀ ਗਰੰਟੀ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਅਤੇ ਇਸ ਵਾਸਤੇ ਸਰਕਾਰ ਐਮ ਐਸ ਪੀ ਬਾਰੇ ਬਣਾਈ ਕਮੇਟੀ ਦੇ ਨਿਯਮਾਂ ਤੇ ਉਦੇਸ਼ਾਂ ਵਿਚ ਸੋਧ ਕਰਦਿਆਂ ਇਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਨੂੰ ਸ਼ਾਮਲ ਕਰੇ। ਉਹਨਾਂ ਕਿਹਾ ਕਿ ਕਮੇਟੀ ਦੇ ਨਿਯਮ ਤੇ ਮੰਤਵ ਸਰਕਾਰ ਦੇ ਕੀਤੇ ਵਾਅਦੇ ਅਨੁਸਾਰ ਐਮ ਐਸ ਪੀ ਦੀ ਗਰੰਟੀ ਲਾਗੂ ਕਰਨਾ ਹੋਣਾ ਚਾਹੀਦਾ ਹੈ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਬਠਿੰਡਾ ਦੇ ਐਮ ਪੀ ਨੂੰ ਸੌਂਪੇ ਮੰਗ ਪੱਤਰ ਵਿਚਲੇ ਹੋਰ ਮੁੱਦੇ ਚੁੱਕਦਿਆਂ ਸਰਦਾਰਨੀ ਬਾਦਲ ਮੰਗ ਪੱਤਰ ਖੇਤੀਬਾੜੀ ਮੰਤਰੀ ਨੂੰ ਭੇਜਿਆ ਅਤੇ ਕਿਹਾ ਕਿ ਇਹ ਅਸਲੀਅਤ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਜਿਣਸਾਂ ਦੇ ਉਤਪਾਦਨ ’ਤੇ ਆਉਂਦੀ ਲਾਗਤ ਵਿਚ ਵਾਧਾ ਹੋਣ ਮਗਰੋਂ ਢੁਕਵਾਂ ਭਾਅ ਨਹੀਂ ਮਿਲ ਰਿਹਾ। ਇਸ ਕਾਰਨ ਕਰਜ਼ੇ ਦੇ ਜਾਲ ਵਿਚ ਹੋਰ ਉਲਝਦੇ ਜਾਰਹੇ ਹਨ ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਨੂੰ ਦਰੁੱਸਤ ਕਰਨ ਵਾਸਤੇ ਇਕ ਵਿਆਪਕ ਕਿਸਾਨ ਕਰਜ਼ਾ ਮੁਆਫੀ ਸਕੀਮ ਦੀ ਲੋੜ ਹੈ।
ਕਿਸਾਨਾਂ ਦੀਆਂ ਹੋਰ ਮੰਗਾਂ ਚੁੱਕਦਿਆਂ ਸਰਦਾਰਨੀ ਬਾਦਲ ਨੈ ਕਿਹਾ ਕਿ ਕਿਸਾਨ ਇਹ ਮਹਿਸੂਸ ਕਰ ਰਹੇ ਹਨ ਕਿ ਲਖੀਮਪੁਰ ਖੀਰੀ ਮਾਮਲੇ ਵਿਚ ਉਹਨਾਂ ਨੂੰ ਨਿਆਂ ਨਹੀਂ ਮਿਲ। ਇਸ ਘਟਨਾ ਵਿਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਗੱਡੀ ਹੇਠ ਕੁਚਲ ਦਿੱਤਾ ਸੀ। ਉਹਨਾਂ ਕਿਹਾ ਕਿ ਨਾ ਤਾਂ ਮੰਤਰੀ ਨੂੰ ਵਜ਼ਾਰਤ ਵਿਚੋਂ ਹਟਾਇਆ ਗਿਆ ਤੇ ਨਾ ਹੀ ਮਾਸੂਮ ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਲਏ ਗਏ ਹਨ। ਉਹਨਾਂ ਕਿਹਾ ਕਿ ਮਾਸੂਮ ਕਿਸਾਨਾਂ ਨਾਲ ਹੋਈ ਵਧੀਕੀ ਨੂੰ ਮੰਨਦਿਆਂ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਿਸਾਨਾਂ ਦੀਆਂ ਭਾਵਨਾਵਾਂ ਅਨੁਸਾਰ ਕੇਂਦਰੀ ਮੰਤਰੀ ਨੂੰ ਵਜ਼ਾਰਤ ਵਿਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਕਿਸਾਨ ਇਹ ਵੀ ਚਾਹੁੰਦੇ ਹਨ ਕਿ ਬਿਜਲੀ ਸੁਧਾਰ ਬਿੱਲ 2022 ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ 9 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਲਿਖਤੀ ਭਰੋਸਾ ਵੀ ਦੁਆਇਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਇਹ ਬਿੱਲ ਕਿਸਾਨਾਂ ਨਾਲ ਵਿਆਪਕ ਵਿਚਾਰ ਵਟਾਂਦਰਾ ਕਰਨ ਉਪਰੰਤਹੀ ਸੰਸਦ ਵਿਚ ਪੇਸ਼ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਕੀਤਾ ਗਿਆ।
ਸਰਦਾਰਨੀ ਬਾਦਲ ਨੇ ਵਿਆਪਕ ਤੇ ਚੰਗੀ ਫਸਲ ਬੀਮਾ ਯੋਜਨਾ ਲਿਆਉਣ ਦੀ ਵੀ ਮੰਗ ਕੀਤੀ ਤਾਂ ਜੋ ਸੋਕੇ, ਹੜ੍ਹਾਂ, ਝੱਖਣ ਚੱਲਣ ਜਾਂ ਹੋਰ ਕੁਦਰਤੀ ਆਫਤਾਂ ਦੇ ਹਾਲਾਤਾਂ ਵਿਚ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਮਿਲ ਸਕੇ। ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਅੰਸ਼ਕ ਤੇ ਛੋਟੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਉਹਨਾਂ ਨੇ ਭਾਜਪਾ ਦੇ ਰਾਜ ਵਾਲੇ ਸਾਰੇ ਸੂਬਿਆਂ ਵਿਚੋਂ ਕਿਸਾਨਾਂਖਿਲਾਫ ਦਰਜ ਸਾਰੇ ਕੇਸ ਵਾਪਸ ਲੈਣ ਦੀ ਵੀ ਮੰਗ ਕੀਤੀ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 800 ਕਿਸਾਨਾਂ ਦੇ ਪਰਿਵਾਰਾਂ ਲਈ ਢੁਕਵਾਂ ਮੁਆਵਜ਼ਾ ਦੇਣ ਤੇ ਉਹਨਾਂ ਦੀ ਯਾਦਗਾਰ ਉਸਾਰਨ ਦੀ ਵੀਮੰਗ ਕੀਤੀ।