- ਮਾਨ ਨੇ ਸਰਦੂਲਗੜ੍ਹ ਰੈਲੀ ਵਿੱਚ ਹਰਸਿਮਰਤ ਬਾਦਲ ਨੂੰ ਲਿਆ ਆੜੇ ਹੱਥੀਂ, ਕਿਹਾ- ਉਹ ਕਿਸਾਨ ਵਿਰੋਧੀ ਬਿੱਲਾਂ ਨੂੰ ਮਨਜ਼ੂਰੀ ਦੇਣ ਵਾਲੀ ਕੈਬਨਿਟ ਦਾ ਹਿੱਸਾ ਸਨ, ਉਨ੍ਹਾਂ ਕਿਸਾਨ ਅੰਦੋਲਨ ਦਾ ਜ਼ੋਰ ਦੇਖ ਕੇ ਲਿਆ ਸੀ ਯੂ-ਟਰਨ
ਬਠਿੰਡਾ, 7 ਮਈ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਰਸਿਮਰਤ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਅਤੇ ਹੋਰ ਵਿਰੋਧੀ ਆਗੂਆਂ ਨੂੰ ਆਪਣੀ ਸਰਕਾਰ ਦੌਰਾਨ ਪੰਜਾਬ ਨੂੰ ਲੁੱਟਣ ਅਤੇ ਪੰਜਾਬ ਵਿਰੋਧੀ ਫ਼ੈਸਲੇ ਲੈਣ ਲਈ ਆੜੇ ਹੱਥੀਂ ਲਿਆ। ਭਗਵੰਤ ਮਾਨ ਸਰਦੂਲਗੜ੍ਹ ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਦਹਾਕਿਆਂ ਤੋਂ ਪੰਜਾਬੀਆਂ ’ਤੇ ਹੋ ਰਹੇ ਅੱਤਿਆਚਾਰਾਂ ਲਈ ਬਾਦਲ ਪਰਿਵਾਰ ਦੀ ਆਲੋਚਨਾ ਕੀਤੀ।
ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਇੱਥੇ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜਾਂ ਨੂੰ ਹਰਾਇਆ ਹੈ, ਹੁਣ ਸਮਾਂ ਆ ਗਿਆ ਹੈ ਕਿ ਹਰਸਿਮਰਤ ਬਾਦਲ ਨੂੰ ਵੀ ਪਾਰਲੀਮੈਂਟ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਉਸੀ ਮੋਦੀ ਸਰਕਾਰ ਦੀ ਕੈਬਨਿਟ ਦਾ ਹਿੱਸਾ ਸਨ, ਜਿਸ ਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਸੀ, ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਨੇ ਇਨ੍ਹਾਂ ਬਿੱਲਾਂ ਦਾ ਬਚਾਅ ਕੀਤਾ, ਬਾਅਦ ਵਿੱਚ ਜਦੋਂ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਜ਼ੋਰ ਦੇਖਿਆ ਤਾਂ ਯੂ-ਟਰਨ ਲੈ ਲਿਆ। ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਇਹ ਅਕਾਲੀ ਆਗੂ ਦਿੱਲੀ ਜਾ ਕੇ ਭਾਜਪਾ ਤੋਂ ਗੱਠਜੋੜ ਦੀ ਭੀਖ ਮੰਗ ਰਹੇ ਸਨ।
ਉਨ੍ਹਾਂ ਕਿਹਾ ਕਿ ਇਹ ਇਲਾਕਾ ਵੰਸ਼ਵਾਦੀ ਸਿਆਸਤਦਾਨਾਂ ਦਾ ਗੜ੍ਹ ਹੁੰਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਤੁਸੀਂ ਸਾਰਿਆਂ ਨੂੰ ਹਰਾ ਕੇ ਆਮ ਲੋਕਾਂ ਨੂੰ ਚੁਣਿਆ। ਹੁਣ ਮੈਂ ਅੱਜ ਉਨ੍ਹਾਂ ਲੋਕਾਂ ਨਾਲ ਮੰਚ ਸਾਂਝਾ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੁਸੀਂ ਚੁਣਿਆ ਹੈ ਅਤੇ ਉਹ ਤੁਹਾਡੇ ਵਰਗੇ ਆਮ ਲੋਕ ਹਨ। ਉਨ੍ਹਾਂ ਕਿਹਾ ਕਿ ਉਹ (ਰਵਾਇਤੀ ਸਿਆਸਤਦਾਨ) ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਨੂੰ ਮਾਸਟਰ ਦੇ ਮੁੰਡੇ ਦੀ ਹਨੇਰੀ ਵਿੱਚ ਮੌਕਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਹਰਸਿਮਰਤ ਬਾਦਲ ਨੂੰ ਹਰਾਉਣਾ ਯਕੀਨੀ ਬਣਾਓ, ਤਾਂ ਜੋ ਬਾਦਲ ਅਤੇ ਮਜੀਠੀਆ ਪਰਿਵਾਰ ਹਾਰਨ ਲਈ ਇੱਕ ਦੂਜੇ ਦਾ ਮਜ਼ਾਕ ਨਾ ਉਡਾ ਸਕਣ।
ਭਗਵੰਤ ਮਾਨ ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਲੋਕ ਆਪਣੇ ਆਗੂਆਂ ਨੂੰ ਪੰਜਾਬ ਦੇ ਪਿੰਡਾਂ ‘ਚ ਵੀ ਨਹੀਂ ਜਾਣ ਦੇ ਰਹੇ। ਉਨ੍ਹਾਂ ਕਿਹਾ ਕਿ ਇਹੀ ਇਨਸਾਫ਼ ਹੈ ਕਿਉਂਕਿ ਕਿਸਾਨਾਂ ਦੇ ਧਰਨੇ ਦੌਰਾਨ ਦਿੱਲੀ ਦੇ ਹਾਕਮਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ।
ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ‘ਪਰਿਵਾਰ ਬਚਾਓ ਯਾਤਰਾ’ ਕੱਢ ਰਹੇ ਹਨ, ਪਰ ਉਹ ਗਰਮੀ ‘ਚ ਬਾਹਰ ਵੀ ਨਹੀਂ ਜਾ ਸਕਦੇ, ਉਨ੍ਹਾਂ ਨੇ ਆਪਣੀ ਜੀਪ ‘ਤੇ ਛੱਤ ਪਾ ਲਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਸਿਰਫ਼ ਸੱਤਾ, ਪੈਸਾ ਅਤੇ ਜਾਇਦਾਦ ਇਕੱਠੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੁਖ-ਵਿਲਾਸ ਨੂੰ ਸੱਤ ਤਾਰਾ ਹੋਟਲ ਬਣਾਇਆ ਹੈ। ਇਹ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਸਾਡੇ ਪਰਿਵਾਰਾਂ, ਪੀੜ੍ਹੀਆਂ ਨੂੰ ਚਿੱਟੇ ਨਾਲ ਬਰਬਾਦ ਕੀਤਾ ਅਤੇ ਆਪਣੇ ਲਈ ਪਹਾੜਾਂ ਵਿੱਚ ਸੁਖ-ਵਿਲਾਸ ਬਣਾਏ। ਮਾਨ ਨੇ ਕਿਹਾ ਕਿ ਸੁੱਖ-ਵਿਲਾਸ ਦੇ ਹਰ ਕਮਰੇ ਦੇ ਨਾਲ ਇੱਕ ਪ੍ਰਾਈਵੇਟ ਪੂਲ ਹੈ, ਉਹ ਇਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਇਸ ਜ਼ਮੀਨ ਉੱਤੇ ਇਕ ਸਕੂਲ ਬਣਾਉਣਗੇ। ਹਰ ਕਲਾਸ-ਰੂਮ ਦੇ ਨਾਲ ਪੂਲ ਵਾਲਾ ਇਹ ਪਹਿਲਾ ਸਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਦੀਆਂ ਕਰਤੂਤਾਂ ਨਾਲ ਭਰੀਆਂ ਫਾਈਲਾਂ ਦੇਖਦੇ ਹਨ, ਜਿੱਥੇ ਇਨ੍ਹਾਂ ਨੇ ਪੰਜਾਬ ਦਾ ਖ਼ਜ਼ਾਨਾ ਖ਼ੁਰਦ-ਬੁਰਦ ਕਰਕੇ ਆਪਣੇ ਮਹਿਲ ਉਸਾਰੇ ਹਨ।
ਮਾਨ ਨੇ ਕਿਹਾ ਕਿ ਅੱਜ ਸੁਖਬੀਰ ਬਾਦਲ ਕਹਿ ਰਿਹਾ ਹੈ ਕਿ ਉਹ ਕਿਸਾਨ ਹੈ। ਜੇਕਰ ਉਹ ਕਿਸਾਨ ਹਨ ਤਾਂ ਟਰਾਂਸਪੋਰਟ ਦਾ ਮਾਲਕ ਕੌਣ ਹੈ? ਉਨ੍ਹਾਂ ਦੇ ਸੱਤ ਤਾਰਾ ਹੋਟਲਾਂ ਦਾ ਮਾਲਕ ਕੌਣ ਹੈ ? ਮਾਨ ਨੇ ਕਿਹਾ ਕਿ ਕਾਂਗਰਸੀ, ਅਕਾਲੀ ਤੇ ਭਾਜਪਾ ਆਗੂਆਂ ਨਾਲ ਹੱਥ ਮਿਲਾਉਣ ‘ਤੇ ਲੋਕ ਉਂਗਲਾਂ ਗਿਣਦੇ ਹਨ। ਦੂਜੇ ਪਾਸੇ ਉਨ੍ਹਾਂ (ਭਗਵੰਤ ਮਾਨ) ਨੂੰ ਐਨਾ ਪਿਆਰ ਤੇ ਸਮਰਥਨ ਮਿਲ ਰਿਹਾ ਹੈ ਕਿ ਉਹ ਸੱਤ ਜਨਮਾਂ ਵਿੱਚ ਵੀ ਇਸ ਪਿਆਰ ਦਾ ਕਰਜ਼ਾ ਨਹੀਂ ਚੁਕਾ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਾਡੀ ਸਰਕਾਰ ਤੁਹਾਡੇ ਲਈ ਕੰਮ ਕਰਦੀ ਰਹੇਗੀ, ਸਿਰਫ਼ 13 ਸੰਸਦ ਮੈਂਬਰ ਦੇ ਕੇ ਸਾਨੂੰ ਹੋਰ ਮਜ਼ਬੂਤ ਕਰੋ।