ਹਰਸਿਮਰਤ ਬਾਦਲ ਦਾ ਵਿਦੇਸ਼ ਮੰਤਰੀ ਨੂੰ ਪੱਤਰ: ਅਮਰੀਕੀ ਵੀਜ਼ਾ ਮਾਮਲੇ ‘ਚ ਦਖਲ ਦੇਣ ਦੀ ਕੀਤੀ ਮੰਗ

  • ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਨੂੰ ਅਮਰੀਕਾ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਮੁਅੱਤਲ ਕਰਨ ਦਾ ਮਾਮਲਾ ਚੁੱਕਣ ਦੀ ਕੀਤੀ ਅਪੀਲ
  • ਕਿਹਾ ਕਿ ਟਰੱਕ ਡ੍ਰਾਈਵਰੀ ਕਰਨ ਵਾਲੇ ਪੰਜਾਬੀਆਂ ਨੂੰ ਅਮਰੀਕਾ ਛੱਡਣ ਲਈ ਮਜਬੂਰ ਕਰਨ ਅਤੇ ਇਹਨਾਂ ਤੌਖਲਿਆਂ ਨੂੰ ਦੂਰ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ
  • ਕਿਹਾ ਕਿ ਵਿਦੇਸ਼ ਮੰਤਰੀ ਟਰੱਕ ਡ੍ਰਾਈਵਰ ਹਰਜਿੰਦਰ ਸਿੰਘ ਤੱਕ ਕੌਂਸਲਰ ਪਹੁੰਚ ਯਕੀਨੀ ਬਣਾਉਣ

ਚੰਡੀਗੜ੍ਹ, 24 ਅਗਸਤ 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਚਾਰ ਵਾਰ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਵਿਚ ਇਕ ਪੰਜਾਬੀ ਟਰੱਕ ਡ੍ਰਾਈਵਰ ਕਾਰਨ ਹੋਏ ਹਾਦਸੇ ਕਾਰਨ ਸਾਰੇ ਟਰੱਕ ਡ੍ਰਾਈਵਰਾਂ ਦਾ ਵਰਕ ਪਰਮਿਟ ਰੱਦ ਕੀਤੇ ਜਾਣ ਦਾ ਮਾਮਲਾ ਅਮਰੀਕਾ ਕੋਲ ਚੁੱਕਣ ਕਿਉਂਕਿ ਇਸ ਫੈਸਲੇ ਦਾ ਪੰਜਾਬੀ ਪਰਿਵਾਰਾਂ ’ਤੇ ਬਹੁਤ ਡੂੰਘਾ ਅਸਰ ਪਵੇਗਾ ਜੋ ਕਿ ਅਮਰੀਕਾ ਵਿਚ ਟਰੱਕ ਕਾਰੋਬਾਰ ਦੀ ਰੀੜ੍ਹ ਦੀ ਹੱਡੀ ਹਨ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਇਸ ਮਾਮਲੇ ’ਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਵੀ ਲਿਖਿਆ, ਨੇ ਕਿਹਾ ਕਿ ਇਸ ਗੱਲ ਦਾ ਖਦਸ਼ਾ ਹੈ ਕਿ ਇਸ ਮਾਮਲੇ ਵਿਚ ਸਰਕਾਰ ਦੇ ਫੈਸਲੇ ਕਾਰਨ ਟਰੱਕ ਇੰਡਸਟਰੀ ਵਿਚ ਕੰਮ ਕਰਦੇ ਹਜ਼ਾਰਾਂ ਪੰਜਾਬੀਆਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਅਤੇ ਸਿੱਖ ਡ੍ਰਾਈਵਰ ਅਮਰੀਕਾ ਦੀ ਟਰੱਕ ਇੰਡਸਟਰੀ ਦਾ 20 ਫੀਸਦੀ ਹਿੱਸਾ ਬਣਦੇ ਹਨ ਅਤੇ 1.5 ਲੱਖ ਸਿੱਖ ਡ੍ਰਾਈਵਰ ਅਮਰੀਕਾ ਵਿਚ ਕੰਮ ਕਰ ਰਹੇ ਹਨ।

ਉਹਨਾਂ ਕਿਹਾ ਕਿ ਇਹਨਾਂ ਖਿਲਾਫ ਸਮੂਹਿਕ ਤੌਰ ’ਤੇ ਕੀਤੀ ਗਈ ਕੋਈ ਵੀ ਕਾਰਵਾਈ ਟਰੱਕ ਚਲਾਉਣ ਵਾਲੇ ਪਰਿਵਾਰਾਂ ’ਤੇ ਮਾਰੂ ਅਸਰ ਪਾਵੇਗੀ ਅਤੇ ਇਹ ਵਿਤਕਰੇ ਭਰਪੂਰ ਹੋਵੇਗੀ ਕਿਉਂਕਿ ਅਸਲੀਅਤ ਇਹ ਹੈ ਕਿ ਪੰਜਾਬੀਆਂ ਨੇ ਹੀ ਦਹਾਕਿਆਂ ਤੋਂ ਅਮਰੀਕਾ ਵਿਚ ਟਰੱਕ ਸਪਲਾਈ ਤੇ ਟਰੱਕ ਨੈਟਵਰਕ ਵਿਚ ਅਹਿਮ ਭੂਮਿਕਾ ਨਿਭਾਈ ਹੈ।ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਇਹਨਾਂ ਤੌਖਲਿਆਂ ਨੂੰ ਦੂਰ ਕਰਨ ਵਾਸਤੇ ਢੁਕਵੇਂ ਕਦਮ ਚੁੱਕੇ ਜਾਣ।

ਸਰਦਾਰਨੀ ਬਾਦਲ ਨੇ ਵਿਦੇਸ਼ ਮੰਤਰੀ ਨੂੰ ਆਖਿਆ ਕਿ ਉਹ ਅਮਰੀਕੀ ਸਰਕਾਰ ਨੂੰ ਦੱਸ ਦੇਣ ਕਿ ਪੰਜਾਬੀ ਭਾਈਚਾਰੇ ਨੇ ਡ੍ਰਾਈਵਰਾਂ ਦੀ ਮੰਗ ਦੀ ਪੂਰਤੀ ਵਾਸਤੇ ਅਤੇ ਅਮਰੀਕੀ ਖਪਤਕਾਰਾਂ ਤੇ ਇਸਦੇ ਅਰਥਚਾਰੇ ਨੂੰ ਹੋ ਰਹੇ ਨੁਕਸਾਨ ਦੀ ਪੂਰਤੀ ਵਾਸਤੇ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਇਕ ਹਿਸਾਬ ਨਾਲ ਇਕ ਡ੍ਰਾਈਵਰ ਦੀ ਗਲਤੀ ਨਾਲ ਹੋਏ ਵੱਡੇ ਹਾਦਸੇ ਲਈ ਸਾਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ। ਉਹਨਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਹਰਜਿੰਦਰ ਸਿੰਘ ਜਿਸਨੂੰ ਇਸ ਹਾਦਸੇ ਵਿਚ ਗ੍ਰਿਫਤਾਰ ਕੀਤਾ ਗਿਆ, ਨੂੰ ਕੌਂਸਲਰ ਪਹੁੰਚ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਆਪਣੇ ਕੇਸ ਦੀ ਸਹੀ ਪੈਰਵੀ ਕਰ ਸਕੇ।

ਸਾਰੇ ਟਰੱਕ ਅਪਰੇਟਰਾਂ ਲਈ ਜਾਰੀ ਕੀਤੇ ਨਵੇਂ ਅੰਗਰੇਜ਼ੀ ਭਾਸ਼ਾ ਦੇ ਨਿਯਮਾਂ ਬਾਰੇ ਗੱਲ ਕਰਦਿਆਂ ਬਾਦਲ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਸਮੇਤ ਵਿਦੇਸ਼ ਡ੍ਰਾਈਵਰਾਂ ਨੂੰ ਆਪਣੀ ਅੰਗਰੇਜ਼ੀ ਮੁਹਾਰਤ ਲੋੜੀਂਦੇ ਪੱਧਰ ਤੱਕ ਲੈ ਕੇ ਜਾਣ ਵਾਸਤੇ ਕੁਝ ਸਮਾਂ ਦੇਣ। ਉਹਨਾਂ ਕਿਹਾ ਕਿ ਇਹ ਮੁਹਾਰਤ ਨਾ ਮਿਲਣ ਕਾਰਨ ਹੀ ਡ੍ਰਾਈਵਰ ਅਜਿਹੇ ਟੈਸਟਾਂ ਵਿਚ ਫੇਲ੍ਹ ਹੁੰਦੇ ਹਨ ਤੇ ਇਹ ਅਸਫਲਤਾ ਹੀ ਉਹਨਾਂ ਦੇ ਜੀਵਨ ਕਾਲ ਵਿਚ ਉਹਨਾਂ ਦੀ ਰੋਜ਼ੀ ਰੋਟੀ ਖੋਹਣ ਦਾ ਸਬੱਬ ਬਣਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਿਛਲੀਆਂ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਤੋਂ ਵਿਰਾਸਤ ਵਿੱਚ ਮਿਲੇ ਆਬਕਾਰੀ ਬਕਾਏ ਦੀ ਵਸੂਲੀ ਕੀਤੀ ਤੇਜ਼ : ਹਰਪਾਲ ਚੀਮਾ

ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਵੱਡੀ ਕੁਤਾਹੀ !