ਹਰਸਿਮਰਤ ਕੌਰ ਬਾਦਲ ਨੇ ਸੰਸਦ ਦੀ ਕਾਰਵਾਈ ਬਹਾਲ ਕਰਨ ਦੀ ਕੀਤੀ ਮੰਗ

  • ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਸਮੇਂ ਲੋਕਾਂ ਦੇ ਮੁੱਦਿਆਂ ’ਤੇ ਚਰਚਾ ਕਰਵਾਈ ਜਾਵੇ

ਚੰਡੀਗੜ੍ਹ, 16 ਮਾਰਚ 2023: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਸੰਸਦ ਦੇ ਬਾਹਰ ਸੰਕੇਤ ਰੋਸ ਪ੍ਰਦਰਸ਼ਨ ਕਰਦਿਆਂ ਸੰਸਦ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਭੰਗ ਹੋਣ ਅਤੇ ਗੈਂਗਸਟਰਾਂ ਵੱਲੋਂ ਜੇਲ੍ਹਾਂ ਦੇ ਅੰਦਰੋਂ ਹੀ ਇੰਟਰਵਿਊ ਦੇਣ ਕਾਰਨ ਲੋਕਾਂ ਵਿਚ ਬਣੀ ਦਹਿਸ਼ਤ ਸਮੇਤ ਲੋਕਾਂ ਦੇ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ।

ਸੰਸਦ ਦੇ ਬਾਹਰ ਤਖਤੀ ਫੜ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਲੋਕਾਂ ਦੇ ਮੁੱਕੇ ਉਜਾਗਰ ਹੋਣਾ ਯਕੀਨੀ ਬਣਾਇਆ ਜਾਵੇ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੱਤਾਧਾਰੀ ਪਾਰਟੀ ਸੰਸਦ ਦੀ ਕਾਰਵਾਈ ਵਿਚ ਵਿਘਨ ਪੈਣ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਇਸ ਪਵਿੱਤਰ ਸਦਨ ਦਾ ਆਰਾਮ ਨਾਲ ਕੰਮ ਕਰਦੇ ਰਹਿਣਾ ਯਕੀਨੀ ਬਣਾਉਣਾ ਸੱਤਾਧਾਰੀ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੰਸਦ ਵਿਚ ਵਿਘਨ ਪਾਉਣ ਲਈ ਸੱਤਾਧਾਰੀ ਪਾਰਟੀ ਵੀ ਵਿਰੋਧੀ ਧਿਰ ਨਾਲ ਰਲ ਗਈ ਹੈ।

ਸਪੀਕਰ ਨੂੰ ਲੋਕਤੰਤਰ ਨੂੰ ਬਚਾਉਣ ਦੀ ਅਪੀਲ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਨਾਕਾਮ ਰਹਿਣ ਅਤੇ ਵੱਧ ਰਹੀ ਬੇਰੋਜ਼ਗਾਰੀ ਦੇ ਮਸਲੇ ਦੇ ਹੱਲ ਸਮੇਤ ਸਾਰੇ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੀ ਕੀਮਤ ਵੱਧਣ ਦੀ ਮਾਰ ਝੱਲ ਰਿਹਾ ਹੈ ਤੇ ਕੋਈ ਵੀ ਰਾਹਤ ਨਜ਼ਰੀਂ ਨਹੀਂ ਪੈ ਰਹੀ।

ਬਾਦਲ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿਚ ਕਾਨੂੰਨ ਵਿਵਸਥਾ ਭੰਗ ਹੋਣ ਦਾ ਮੁੱਦਾ ਚੁੱਕਿਆ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿਚ ਮਾੜੇ ਹਾਲਾਤਾਂ ਕਾਰਨ ਉਦਯੋਗ ਹੋਰ ਰਾਜਾਂ ਵਿਚ ਸ਼ਿਫਟ ਹੋ ਰਹੇ ਹਨ ਤੇ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਲਾਰੰਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰ ਬਠਿੰਡਾ ਜੇਲ੍ਹ ਵਿਚੋਂ ਹੀ ਮੀਡੀਆ ਨੂੰ ਇੰਟਰਵਿਊ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸ ਕਾਰਨ ਆਮ ਆਦਮੀ ਹੱਕਾ ਬੱਕਾ ਰਹਿ ਗਿਆ ਹੈ ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ।

ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਵਾਰ ਵੇਖਣ ਨੂੰ ਮਿਲੀ ਸੀ ਤੇ ਹੁਣ ਇਸ ਘਟਨਾਕ੍ਰਮ ਨੇ ਸਾਬਕਾ ਕੀਤਾ ਹੈ ਕਿ ਕਾਨੂੰਨ ਵਿਵਸਥਾ ਵਸੋਂ ਬਾਹਰ ਹੋ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜਿਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅਰਾਜਕਤਾ ਵਿਚ ਧੱਕੇ ਜਾਣ ਤੋਂ ਪਹਿਲਾਂ ਹੀ ਇਸਦੇ ਬਚਾਅ ਲਈ ਦਰੁੱਸਤੀ ਵਾਲੇ ਕਦਮ ਚੁੱਕਣੇ ਲਾਜ਼ਮੀ ਹਨ।ਉਹਨਾਂ ਕਿਹਾ ਕਿ ਇਹ ਅਹਿਮ ਮਸਲਾ ਹੈ ਜਿਸ ’ਤੇ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਸਦਕਾ ਪੰਜਾਬੀਆਂ ਦੀਆਂ ਭਾਵਨਾਵਾਂ ਤੋਂ ਦੇਸ਼ ਜਾਣੂ ਹੋ ਸਕੇਗਾ।

ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਪੰਜਾਬੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਚਾਹੁੰਦੇ ਹਨ ਜੋ ਪੰਜਾਬ ਵਿਚ ਭੰਗ ਹੋਏ ਪਏ ਹਨ। ਉਹਨਾਂ ਦੱਸਿਆ ਕਿ ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਅਪਰਾਧ ਪ੍ਰਤੀ ਜ਼ੀਰੋ ਟਾਲਰੰਸ ਦੀ ਨੀਤੀ (ਬਿਲਕੁਲ ਬਰਦਾਸ਼ਤ ਨਹੀਂ) ਦੀ ਨੀਤੀ ਅਪਣਾਈ ਜਾਂਦੀ ਸੀ ਜਿਸ ਕਾਰਨ ਅਕਾਲੀ ਸਰਕਾਰ ਵੇਲੇ ਲਾਰੰਸ ਬਿਸ਼ਨੋਈ ਗ੍ਰਿਫਤਾਰ ਹੋਇਆ ਸੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਗਈ ਹੈ ਤੇ ਸੂਬੇ ਵਿਚ ਨਸ਼ੇ ਵੱਧ ਰਹੇ ਹਨ ਤੇ ਵਿੱਤੀ ਕੁਪ੍ਰਬੰਧਨ ਬਣਿਆ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੀ-20 ਸੰਮੇਲਨ ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨਾਂ ਨੇ ਢੋਲ ਦੀ ਥਾਪ `ਤੇ ਪਾਇਆ ਭੰਗੜਾ

ਪੰਜ ਟ੍ਰੈਵਲ ਫ਼ਰਮਾਂ ਦੇ ਲਾਇਸੰਸ ਰੱਦ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਗਏ ਹੁਕਮ