ਚੰਡੀਗੜ੍ਹ, 16 ਫਰਵਰੀ 2024 – ਹਰਿਆਣਾ ਭਾਜਪਾ ਵਿਧਾਇਕ ਦਲ ਦੇ ਦਫ਼ਤਰ ਬਾਹਰ ਧਰਨੇ ’ਤੇ ਬੈਠੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਹਰਿਆਣਾ ਭਾਜਪਾ ਦਾ ਦਫ਼ਤਰ ਸੈਕਟਰ-3 ਵਿੱਚ ਸਥਿਤ ਹੈ।
ਰੋਸ ਧਰਨੇ ਵਿੱਚ ਰਾਜਾ ਵੜਿੰਗ, ਰਜਿੰਦਰ ਕੌਰ ਬੱਠਲ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਹਰਿਆਣਾ ਸਰਕਾਰ ਅਤੇ ਹਰਿਆਣਾ ਪੁਲਿਸ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਸਰਹੱਦ ‘ਤੇ ਕਿਸਾਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਵੱਲੋਂ ਦਿੱਲੀ ਵੱਲ ਮਾਰਚ ਦੌਰਾਨ ਡਰੋਨਾਂ ਤੋਂ ਅੱਥਰੂ ਗੈਸ ਦੇ ਗੋਲੇ ਛੱਡ ਕੇ ਅਤੇ ਰਬੜ ਦੀਆਂ ਗੋਲੀਆਂ ਚਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ।
ਇਸ ਮਾਮਲੇ ‘ਚ ਪੁਲਿਸ ਨੇ ਦਲੀਲ ਦਿੱਤੀ ਕਿ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਅਜਿਹੀ ਸਥਿਤੀ ਵਿੱਚ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ।