ਨਵੀਂ ਦਿੱਲੀ, 27 ਅਕਤੂਬਰ 2022: ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਦਾ ਵਿਰੋਧ ਕੀਤਾ ਹੈ। ਦਿੱਲੀ ਮਹਿਲਾ ਕਮਿਸ਼ਨ (DCW) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰੀ ਅਤੇ ਕਾਤਲ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰਿਆਣਾ ਸਰਕਾਰ ਨੂੰ ਰਾਮ ਰਹੀਮ ਦੀ ਪੈਰੋਲ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਸਵਾਤੀ ਮਾਲੀਵਾਲ ਨੇ ਕਿਹਾ ਕਿ ਰਾਮ ਰਹੀਮ ਬਲਾਤਕਾਰੀ ਅਤੇ ਕਾਤਲ ਹੈ। ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰ ਹਰਿਆਣਾ ਸਰਕਾਰ ਜਦੋਂ ਚਾਹੇ ਉਸਨੂੰ ਵੋਟਾਂ ਤੋਂ ਪਹਿਲਾਂ ਪੈਰੋਲ ਦੇ ਦਿੰਦੀ ਹੈ। ਜੇਲ੍ਹ ਤੋਂ ਬਾਹਰ ਆ ਕੇ ਉਹ ‘ਸਤਿਸੰਗ’ ਕਰ ਰਿਹਾ ਹੈ। ਹਰਿਆਣਾ ਸਰਕਾਰ ਦੇ ਡਿਪਟੀ ਸਪੀਕਰ ਅਤੇ ਮੇਅਰ ਰਾਮ ਰਹੀਮ ਦੇ ਸਤਿਸੰਗ ਵਿੱਚ ਸ਼ਾਮਲ ਹੋਏ। ਮੇਰੀ ਅਪੀਲ ਹੈ ਕਿ ਹਰਿਆਣਾ ਸਰਕਾਰ ਰਾਮ ਰਹੀਮ ਦੀ ਪੈਰੋਲ ਵਾਪਸ ਲਵੇ।
ਜ਼ਿਕਰਯੋਗ ਹੈ ਕਿ ਰਾਮ ਰਹੀਮ ਫਿਲਹਾਲ 40 ਦਿਨਾਂ ਲਈ ਪੈਰੋਲ ‘ਤੇ ਬਾਹਰ ਹੈ। ਉਸਨੇ ਪਿਛਲੇ ਹਫਤੇ ਵਰਚੁਅਲ ਸਤਿਸੰਗ ਦੀ ਮੇਜ਼ਬਾਨੀ ਕੀਤੀ। ਹਾਲਾਂਕਿ ਇਹ ਕਦਮ ਆਦਮਪੁਰ ਵਿਧਾਨ ਸਭਾ ਉਪ ਚੋਣ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ। ਦੱਸ ਦੇਈਏ ਕਿ ਆਦਮਪੁਰ ਵਿੱਚ 3 ਨਵੰਬਰ ਨੂੰ ਉਪ ਚੋਣ ਹੋਣੀ ਹੈ।
ਜ਼ਿਕਰਯੋਗ ਹੈ ਕਿ ਅਦਾਲਤ ਨੇ ਰਾਮ ਰਹੀਮ ਨੂੰ ਦੋ ਚੇਲਿਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਸੀ ਅਤੇ 20 ਸਾਲ ਦੀ ਸਜ਼ਾ ਸੁਣਾਈ ਸੀ। ਜੇਲ੍ਹ ਦੀ ਸਜ਼ਾ ਕੱਟ ਕੇ ਉਹ ਤੀਜੀ ਵਾਰ ਪੈਰੋਲ ‘ਤੇ ਬਾਹਰ ਆਇਆ ਹੈ। ਇਸ ਵਾਰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ 2017 ਤੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। 2017 ਵਿੱਚ ਪੰਚਕੂਲਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸਨੂੰ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ। 2019 ਵਿੱਚ, ਸੀਬੀਆਈ ਅਦਾਲਤ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ।