- ਡਾ. ਬਲਬੀਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨਾਲ ਮੁੜ ਵਸੇਬਾ ਕੇਂਦਰ ਦਾ ਜਾਇਜ਼ਾ
ਐਸ.ਏ.ਐਸ. ਨਗਰ 9 ਅਪ੍ਰੈਲ 2023 – ਪੰਜਾਬ ਦੇ ਸਿਹਤ ਅਤੇ ਪਰਿਵਾਰ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਦਾਖਲ ਵਿਅਕਤੀਆਂ ਦੀਆਂ ਸਰੀਰਕ ਅਤੇ ਮਾਨਸਿਕ ਸਰਗਰਮੀਆਂ ਦੇ ਨਾਲ ਨਾਲ ਮਨੋਰੰਜਨ ਗਤੀਵਿਧੀਆਂ ’ਤੇ ਜ਼ੋਰ ਦਿੱਤਾ ਹੈ।
ਅੱਜ ਸਥਾਨਿਕ 66 ਸੈਕਟਰ ਵਿਖੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਾਲ ਜ਼ਿਲ੍ਹਾ ਮੁੜ ਵਸੇਬਾ ਕੇਂਦਰ ਦੇ ਪਸਾਰ ਦਾ ਜਾਇਜ਼ਾ ਲੈਣ ਆਏ ਡਾ. ਬਲਬੀਰ ਸਿੰਘ ਨੇ ਮੁੜ ਵਸੇਬਾ ਕੇਂਦਰ ਵਿੱਚ ਦਾਖਲ ਵਿਅਕਤੀਆਂ ਲਈ ਯੋਗ ਅਤੇ ਮੈਡੀਟੇਸ਼ਨ ਕਲਾਸਾਂ ਸ਼ੁਰੂ ਕਰਨ ਲਈ ਆਖਿਆ। ਉਨ੍ਹਾਂ ਨੇ ਕੇਂਦਰ ਵਿੱਚ ਖੇਡਾਂ ਅਤੇ ਜਿੰਮ ਸਮੇਤ ਮਨੋਰੰਜਕ ਗਤੀਵਿਧੀਆਂ ’ਤੇ ਬਲ ਦਿੱਤਾ ਤਾਂ ਜੋ ਉਨ੍ਹਾਂ ਨੂੰ ਮੁੱਖ ਧਾਰਾ ਦੇ ਨਾਲ-ਨਾਲ ਸਿਹਤਮੰਦ ਜੀਵਨ ਸ਼ੈਲੀ ਵੱਲ ਉਤਸ਼ਾਹਿਤ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਦਾਖਲ ਵਿਅਕਤੀਆਂ ਦੀ ਰੁਚੀ ਦੇ ਅਨੁਸਾਰ ਸੰਗੀਤ, ਖੇਡਾਂ, ਕਲਾ ਆਦਿ ਦੀਆਂ ਸਰਗਰਮੀਆਂ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਮੁੜਵਸੇਬਾ ਕੇਂਦਰ ਦੀ ਖਾਲੀ ਪਈ ਜ਼ਮੀਨ ਵਿੱਚ ਸਬਜ਼ੀਆਂ, ਫ਼ਲਾਂ ਅਤੇ ਹੋਰ ਢੁਕਵੀਂਆਂ ਫਸਲਾਂ ਦੀ ਖੇਤੀ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਕੇਂਦਰ ਵਿੱਚ ਦਾਖਲ ਵਿਅਕਤੀ ਇਸ ਕੰਮ ਵਿੱਚ ਰੁੁੱਝੇ ਰਹਿਣ ਅਤੇ ਜਦੋਂ ਛੱਡੇ ਕੇ ਜਾਣ ਆਪਣੀ ਮਿਹਨਤ ਦਾ ਮੁੱਲ ਵੀ ਨਾਲ ਲੈ ਕੇ ਜਾਣ। ਇਸ ਨਾਲ ਦਾਖਲ ਵਿਅਕਤੀ ਨਾ ਸਿਰਫ਼ ਰੁੱਝੇ ਰਹਿਣਗੇ ਸਗੋਂ ਉਨ੍ਹਾਂ ਨੂੰ ਫ਼ਸਲਾਂ ਦੇ ਵਿਕਰੀ ਤੋਂ ਕਮਾਈ ਵੀ ਹੋਵੇਗੀ।
ਸਿਹਤ ਮੰਤਰੀ ਨੇ ਮੁੜਵਸੇਬਾ ਕੇਂਦਰ ਵਿੱਚ ਦਾਖਲ ਵਿਅਕਤੀਆਂ ਲਈ ਹੁਨਰ ਵਿਕਾਸ ਗਤੀਵਿਧੀਆਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਪੇਸ਼ੇਵਰ ਹੁਨਰ ਦੇ ਨਾਲ-ਨਾਲ ਵੱਖ-ਵੱਖ ਕਿੱਤਿਆਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ਾ ਛੱਡਣ ਤੋਂ ਬਾਅਦ ਰੋਜ਼ਗਾਰ ਦੇ ਮਾਮਲੇ ’ਚ ਆਤਮ ਨਿਰਭਰ ਬਣਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ’ਚ ਸਹਾਇਕ ਹੋ ਸਕਦੀਆਂ ਹਨ। ਉਨ੍ਹਾਂ ਨੇ ਕੇਂਦਰ ਵਿੱਚ ਦਾਖ਼ਲੇ ਵਿਅਕਤੀਆਂ ਨਾਲ ਗੱਲਬਾਤ ਕਰਕੇ ਕਰਨ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨ ਸ੍ਰੀਮਤੀ ਆਸ਼ਿਕਾ ਜੈਨ ਨੇ ਸਿਹਤ ਮੰਤਰੀ ਨੂੰ ਵੱਖ ਵੱਖ ਪੱਖਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰ੍ਰਸਾਸ਼ਨ ਮੁੜਵਸੇਬਾ ਕੇਂਦਰ ਦੀਆਂ ਲੋੜਾਂ ਮੁਤਾਬਿਕ ਹਰ ਮਦਦ ਦੇਣ ਲਈ ਤਿਆਰ ਹੈ।
ਇਸ ਮੌਕੇ ਏ.ਡੀ.ਸੀ. ਨਵਨੀਤ ਕੌਰ, ਐਸ.ਡੀ.ਐਮ. ਸਰਬਜੀਤ ਕੌਰ, ਡਾ. ਪ੍ਰਮਿੰਦਰ ਪਾਲ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।