ਸਿਹਤ ਮੰਤਰੀ ਨੇ ਹੜ੍ਹਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਿਆ ਜਾਇਜ਼ਾ

  • ਜਲੰਧਰ, ਫਿਰੋਜ਼ਪੁਰ ਤੋਂ ਬਾਅਦ ਫਰੀਦਕੋਟ ਵਿਖੇ ਵੀ ਜ਼ਮੀਨੀ ਪੱਧਰ ਤੇ ਇਕੱਤਰ ਕੀਤੀ ਜਾਣਕਾਰੀ
  • ਆਪਦਾ ਦੀ ਘੜੀ ਦੌਰਾਨ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪਾਇਆ ਜਾਵੇ ਸਹਿਯੋਗ- ਸਿਹਤ ਮੰਤਰੀ ਡਾ.ਬਲਬੀਰ ਸਿੰਘ

ਫਰੀਦਕੋਟ 16 ਜੁਲਾਈ 2023 – ਸਿਹਤ ਮੰਤਰੀ ਬਲਬੀਰ ਸਿੰਘ ਨੇ ਜਲੰਧਰ, ਫਿਰੋਜ਼ਪੁਰ ਜਿਲਿਆਂ ਦੇ ਦੌਰੇ ਕਰਨ ਉਪਰੰਤ ਅੱਜ ਫਰੀਦਕੋਟ ਫੇਰੀ ਦੌਰਾਨ ਹੜਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜ਼ਮੀਨੀ ਪੱਧਰ ਤੇ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਇਸ ਜ਼ਿਲ੍ਹੇ ਵਿੱਚ ਹੜ੍ਹਾਂ ਦਾ ਉਨ੍ਹਾਂ ਪ੍ਰਭਾਵ ਨਹੀਂ ਹੈ ਜਿੰਨਾ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਹੈ। ਜਿੱਥੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਫਿਰ ਵੀ ਅਗੇਤੇ ਪ੍ਰਬੰਧਾਂ ਸਬੰਧੀ ਉਹ ਫਰੀਦਕੋਟ ਪਹੁੰਚੇ ਹਨ।

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਅਤੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਅਤੇ ਚੋਣ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਸ਼ੋਕ ਚੱਕਰ ਹਾਲ ਡੀਸੀ ਦਫਤਰ ਫਰੀਦਕੋਟ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ , ਆਈ.ਐਮ.ਏ. ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਅੰਦਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਮੈਡੀਕਲ ਸੁਵਿਧਾਵਾਂ ਸਬੰਧੀ ਵੀ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ. ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹਾਂ ਦੇ ਗੰਭੀਰ ਹਾਲਾਤਾਂ ਦੌਰਾਨ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰੰਤਰ ਮੈਡੀਕਲ ਕੈਂਪ ਲਗਾ ਰਹੀ ਹੈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਉਪਲੱਬਧ ਕਰਵਾ ਰਹੀ ਹੈ।

ਉਨ੍ਹਾਂ ਕਿਹਾ ਕਿ ਫਰੀਦਕੋਟ ਵਿੱਚ 14 ਰੈਪਿਡ ਰਿਸਪੌਂਸ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਕਿਸੇ ਵੀ ਕਿਸਮ ਦੀ ਹੜਾਂ ਸਬੰਧੀ ਆਪਦਾ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ, ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੈ, ਉਥੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਜ਼ਰੂਰੀ ਦਵਾਈਆਂ ਪਹੁੰਚਾਈਆਂ ਜਾਣ ਅਤੇ ਕਿਨਾਰਿਆਂ ਤੇ ਐਂਬੂਲੈਂਸਾਂ ਦੀ ਤਾਇਨਾਤੀ ਯਕੀਨੀ ਤੌਰ ਉੱਤੇ ਕੀਤੀ ਜਾਵੇ, ਤਾਂ ਜੋ ਲੋੜ ਪੈਣ ‘ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿਖੇ ਲਿਜਾਣ ਵਿੱਚ ਮੁਸ਼ਕਿਲ ਨਾ ਆਵੇ। ਉਨ੍ਹਾਂ ਸਿਹਤ ਵਿਭਾਗ ਦੀ ਸਮੁੱਚੀ ਟੀਮ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਵੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਹਰ ਵਿਅਕਤੀ ਵੱਧ ਤੋਂ ਵੱਧ ਯੋਗਦਾਨ ਪਾਵੇ ਤਾਂ ਜੋ ਘਰੋਂ ਬੇਘਰ ਹੋਏ ਲੋਕਾਂ ਨੂੰ ਮਾਲੀ ਸਹਾਇਤਾ ਤੇ ਮੁੜ ਵਸੇਬਾ ਕੀਤਾ ਜਾ ਸਕੇ।ਇਸ ਮੌਕੇ ਸਿਹਤ ਮੰਤਰੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਉਹ ਲੋੜ ਪੈਣ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।
ਉਨ੍ਹਾਂ ਮੀਟਿੰਗ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਮੈਡੀਕਲ ਸੇਵਾਵਾਂ ਤੋਂ ਇਲਾਵਾ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤੂਆਂ ਮੁਹੱਈਆਂ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸਨ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ, ਤਾਂ ਜੋ ਆਪ ਸਭ ਦੇ ਸਹਿਯੋਗ ਨਾਲ ਹਰ ਇੱਕ ਲੋੜਵੰਦ ਨੂੰ ਸਹਾਇਤਾ ਦਿੱਤੀ ਜਾ ਸਕੇ।

ਸਿਹਤ ਮੰਤਰੀ ਵੱਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਆਈ ਐਮ ਏ ਪ੍ਰਧਾਨ ਐਸ ਐਸ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਲੱਖ ਰੁਪਏ ਦਾ ਯੋਗਦਾਨ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪਾਇਆ ਗਿਆ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਮੈਂ ਖੁਦ ਵੀ ਇੱਕ ਮਹੀਨੇ ਦੀ ਤਨਖਾਹ ਰਾਹਤ ਕੋਸ਼ ਵਿੱਚ ਪਾਈ ਹੈ। ਅਤੇ ਇਸ ਦੇ ਨਾਲ ਹੀ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ 5 ਲੱਖ ਇਸ ਰਾਹਤ ਕੋਸ਼ ਵਿੱਚ ਭੇਜਿਆ ਗਿਆ ਹੈ।

ਇੱਥੇ ਦੱਸਣਯੋਗ ਹੈ ਕਿ ਸਿਹਤ ਮੰਤਰੀ ਨੇ ਕੁਝ ਦਿਨ ਪਹਿਲਾਂ ਆਪਣੇ ਨਾਲ ਚਲਦੀ ਇੱਕ ਐਂਬੂਲੈਂਸ ਨੂੰ ਵੀ ਕਾਫਲੇ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਸੀ। ਉਹਨਾਂ ਕਿਹਾ ਕਿ ਐਂਬੂਲੈਂਸ ਮੰਤਰੀਆਂ ਦੇ ਕਾਫਲੇ ਨਾਲ ਕੇਵਲ ਮੁੱਖ ਮੰਤਰੀ, ਗਵਰਨਰ ਅਤੇ ਪ੍ਰਧਾਨ ਮੰਤਰੀ ਦੇ ਨਾਲ ਚੱਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕਈ ਲੋਕ ਅਜਿਹੀਆਂ ਐਂਬੂਲੈਂਸਾਂ ਦਾਨ ਕਰ ਦਿੰਦੇ ਹਨ ਜੇਕਰ ਇਹ ਐਂਬੂਲੈਂਸਾਂ ਮੰਤਰੀਆਂ ਦੇ ਕਾਫਲੇ ਵਿੱਚ ਚੱਲਣ ਤਾਂ ਇਹ ਠੀਕ ਗੱਲ ਨਹੀਂ ਲੱਗਦੀ।
ਦਵਾਈਆਂ ਦੇ ਸਟਾਕ ਬਾਰੇ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦੇ ਸ਼ਖਤ ਆਦੇਸ਼ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈਆਂ ਸਮੇਤ ਹੋਰ ਕਿਸੇ ਵੀ ਕਿਸਮ ਦੇ ਰਾਹਤ ਕਾਰਜ਼ਾਂ ਦੀ ਕਮੀ ਨਾ ਛੱਡੀ ਜਾਵੇ। ਜਿਸ ਕਰਕੇ ਹੀ ਉਹ ਨਿੱਜੀ ਤੌਰ ‘ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦੌਰਾ ਕਰ ਰਹੇ ਹਨ ਅਤੇ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰ ਰਹੇ ਹਨ।

ਇਸ ਮੌਕੇ ਐੱਸ ਡੀ ਐਮ ਫ਼ਰੀਦਕੋਟ ਮੈਡਮ ਬਲਜੀਤ ਕੌਰ, ਐਸ ਡੀ ਐਮ ਕੋਟਕਪੂਰਾ ਮੈਡਮ ਵੀਰਪਾਲ ਕੌਰ,ਡਾ.ਨਿਰਮਲ ਓਸਏਪਚਨ, ਐੱਸ ਡੀ ਐਮ ਜੈਤੋ, ਚੇਅਰਮੈਨ ਇੰਮਪਰੂਵਮੈਂਟ ਟਰਸੱਟ ਗੁਰਤੇਜ ਸਿੰਘ ਖੋਸਾ, ਸਿਵਲ ਸਰਜਨ ਡਾ. ਅਨਿਲ ਗੋਇਲ,ਐਸਐਮਓ ਡਾ.ਚੰਦਰ ਸ਼ੇਖਰ ਕੱਕੜ,ਜਗਜੀਤ ਸਿੰਘ ਬਰਾੜ, ਡੀ ਪੀ ਆਰ.ਓ ਗੁਰਦੀਪ ਸਿੰਘ ਮਾਨ ਅਤੇ ਹੋਰ ਹਾਜਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਡਾ. ਬੀ.ਆਰ. ਅੰਬੇਦਕਰ ਦੇ ਮਿਆਰੀ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ – ਬਲਕਾਰ ਸਿੰਘ

NDA ਦੀ ਮੀਟਿੰਗ ਵਿੱਚ ਸਿੱਖ ਪੰਥ ਤੇ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ: ਸੁਖਦੇਵ ਢੀਂਡਸਾ