ਚੰਡੀਗੜ੍ਹ, 19 ਜੁਲਾਈ 2022 – ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਦੇ ਚਲਾਨ ਕੱਟਣੇ ਸ਼ੁਰੂ ਹੋ ਗਏ ਹਨ। ਇਹ ਚਲਾਨ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਕੀਤੇ ਜਾ ਰਹੇ ਹਨ। ਪਿਛਲੇ 2 ਮਹੀਨਿਆਂ ਤੋਂ ਔਰਤਾਂ ਦੇ ਆਨਲਾਈਨ ਚਲਾਨ ਕੀਤੇ ਜਾ ਰਹੇ ਹਨ ਜੋ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਬਿਨਾਂ ਹੈਲਮੇਟ ਦੇ ਡਰਾਈਵਿੰਗ ਕਰਨ ਅਤੇ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਪਿੱਛੇ ਬੈਠਣ ‘ਤੇ ਵੀ ਔਰਤਾਂ ਦੇ ਚਲਾਨ ਕੱਟੇ ਜਾ ਰਹੇ ਹਨ।
ਔਰਤਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਔਰਤਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਹਾਲਾਂਕਿ, ਜ਼ਿਆਦਾਤਰ ਔਰਤਾਂ ਅਜੇ ਵੀ ਇਸ ਬਾਰੇ ਜਾਣੂ ਨਹੀਂ ਹਨ। ਇਸ ਕਾਰਨ ਉਨ੍ਹਾਂ ਦਾ ਟਰੈਫਿਕ ਪੁਲੀਸ ਚਲਾਨ ਕੱਟ ਰਹੀ ਹੈ।
ਦੱਸ ਦੇਈਏ ਕਿ ਇਸ ਵਿੱਚ ਸਿੱਖ ਔਰਤਾਂ ਨੂੰ ਛੋਟ ਦਿੱਤੀ ਗਈ ਹੈ। ਟ੍ਰੈਫਿਕ ਪੁਲਿਸ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਨਹੀਂ ਕਰੇਗੀ ਜੋ ਸਿੱਖ ਔਰਤਾਂ ਹਨ। ਯਾਨੀ ਜਿਨ੍ਹਾਂ ਔਰਤਾਂ ਦੇ ਨਾਵਾਂ ਨਾਲ ਕੌਰ, ਢਿੱਲੋਂ ਆਦਿ ਲਿਖਿਆ ਹੋਇਆ ਹੈ, ਉਨ੍ਹਾਂ ਨੂੰ ਹੈਲਮੇਟ ਪਾਉਣ ਦੀ ਆਜ਼ਾਦੀ ਦਿੱਤੀ ਗਈ ਹੈ। ਸਿਰਫ਼ ਸਿੱਖ ਔਰਤਾਂ ਨੂੰ ਹੀ ਧਾਰਮਿਕ ਕਾਰਨਾਂ ਕਰਕੇ ਇਹ ਛੋਟ ਦਿੱਤੀ ਗਈ ਹੈ। ਸਿੱਖ ਔਰਤਾਂ ਭਾਵੇਂ ਦਸਤਾਰ ਪਹਿਨਣ ਜਾਂ ਨਾ ਪਹਿਨਣ, ਚਲਾਨ ਤੋਂ ਛੋਟ ਹੈ ਜਦਕਿ ਹੋਰ ਔਰਤਾਂ ਨੂੰ ਅਜਿਹੀ ਕੋਈ ਛੋਟ ਨਹੀਂ ਹੈ।
ਜੇਕਰ ਕਿਸੇ ਸਿੱਖ ਔਰਤ ਦਾ ਆਨਲਾਈਨ ਚਲਾਨ ਹੁੰਦਾ ਹੈ ਤਾਂ ਉਸ ਨੂੰ ਸੈਕਟਰ-29 ਟ੍ਰੈਫਿਕ ਪੁਲਸ ਲਾਈਨ ਸਥਿਤ ਚਲਾਨ ਭੁਗਤਾਨ ਕੇਂਦਰ ‘ਚ ਆਪਣੇ ਸਿੱਖ ਹੋਣ ਦਾ ਸਬੂਤ ਪੇਸ਼ ਕਰਨਾ ਹੋਵੇਗਾ, ਜਿਸ ਤੋਂ ਬਾਅਦ ਟਰੈਫਿਕ ਪੁਲਸ ਮੌਕੇ ‘ਤੇ ਹੀ ਉਸਦੇ ਦਸਤਾਵੇਜ਼ਾਂ ਦੇ ਆਧਾਰ ‘ਤੇ ਚਲਾਨ ਰੱਦ ਕਰ ਦੇਵੇਗੀ।
ਚੰਡੀਗੜ੍ਹ ਸ਼ਹਿਰ ਦੇ ਟ੍ਰੈਫਿਕ ਲਾਈਟ ਪੁਆਇੰਟਾਂ ‘ਤੇ ਖੜ੍ਹੇ ਟ੍ਰੈਫਿਕ ਪੁਲਸ ਕਰਮਚਾਰੀ ਹੈਂਡੀ ਕੈਮਰਿਆਂ ਨਾਲ ਫੋਟੋ ਖਿੱਚ ਕੇ ਚਲਾਨ ਕੱਟ ਰਹੇ ਹਨ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਅਜਿਹੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ।
ਐਸਐਸਪੀ ਟਰੈਫਿਕ ਮਨੀਸ਼ਾ ਨੇ ਦੱਸਿਆ ਕਿ ਪਿਛਲੇ 2 ਤੋਂ 3 ਮਹੀਨਿਆਂ ਵਿੱਚ ਔਰਤਾਂ ਦੇ ਚਲਾਨ ਕੱਟਣ ਵਿੱਚ ਕਾਫੀ ਵਾਧਾ ਹੋਇਆ ਹੈ। ਜੂਨ ਮਹੀਨੇ ਤੱਕ ਟਰੈਫਿਕ ਪੁਲੀਸ ਦੇ ਹੈਂਡ ਕੈਮਰਿਆਂ ਰਾਹੀਂ ਅਜਿਹੇ 7 ਹਜ਼ਾਰ ਦੇ ਕਰੀਬ ਚਲਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਮਹਿਲਾ ਦੋ ਪਹੀਆ ਵਾਹਨ ਚਾਲਕਾਂ ਨੂੰ ਨੋਟਿਸ ਅਤੇ ਡਾਕ ਚਲਾਨ ਭੇਜੇ ਜਾ ਰਹੇ ਹਨ। ਐਸਐਸਪੀ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਗਲਤ ਚਲਾਨ ਆਇਆ ਹੈ ਜਾਂ ਕੋਈ ਜਾਣਕਾਰੀ ਲੈਣਾ ਚਾਹੁੰਦੀ ਹੈ ਤਾਂ ਉਹ ਟਰੈਫਿਕ ਪੁਲੀਸ ਨਾਲ ਸੰਪਰਕ ਕਰ ਸਕਦੀਆਂ ਹਨ।