ਅੰਮ੍ਰਿਤਸਰ, 7 ਮਾਰਚ 2023 – ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਅੰਮ੍ਰਿਤਸਰ ਸਰਹੱਦ ‘ਤੇ ਪਾਕਿ ਤਸਕਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਬੀਐਸਐਫ ਨੇ ਖੇਪ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਬਤ ਕੀਤੀ ਗਈ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 18 ਕਰੋੜ ਰੁਪਏ ਹੈ।
ਬੀਐਸਐਫ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, 5-6 ਮਾਰਚ ਦੀ ਦਰਮਿਆਨੀ ਰਾਤ ਨੂੰ 10:15 ਦੇ ਕਰੀਬ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਦੇਖੀ ਗਈ ਸੀ। ਅਜਨਾਲਾ ਸੈਕਟਰ ਵਿੱਚ ਦੇਖੀ ਗਈ ਹਰਕਤ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰਾਤ ਨੂੰ ਹੀ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ। ਸਵੇਰ ਹੁੰਦੇ ਹੀ ਇਲਾਕੇ ‘ਚ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ।
ਬਾਅਦ ਦੁਪਹਿਰ ਤਲਾਸ਼ੀ ਦੌਰਾਨ ਅਜਨਾਲਾ ਅਧੀਨ ਪੈਂਦੇ ਪਿੰਡ ਸੈਦੋ ਗਾਜ਼ੀ ਵਿੱਚ ਇੱਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਜਿਸ ‘ਤੇ ਹੁੱਕ ਵੀ ਬਣੀ ਹੋਈ ਸੀ। ਬੀਐਸਐਫ ਮੁਤਾਬਕ ਇਸ ਨੂੰ ਡਰੋਨ ਰਾਹੀਂ ਹੀ ਹੇਠਾਂ ਸੁੱਟੀ ਗਈ ਹੈ। ਜਦੋਂ ਪੈਕੇਟ ਖੋਲ੍ਹਿਆ ਗਿਆ ਤਾਂ ਉਸ ਵਿੱਚ ਦੋ ਹੋਰ ਪੈਕੇਟ ਸਨ। ਜਿਸ ਦਾ ਕੁੱਲ ਵਜ਼ਨ 2.640 ਕਿਲੋ ਚੈੱਕ ਕੀਤਾ ਗਿਆ।