- ਅਸੀਂ ਮੋਹਾਲੀ ਅਤੇ ਇਲਾਕਾ ਨਿਵਾਸੀਆਂ ਦੇ ਹਿੱਤ ਵਿੱਚ ਸੇਵਾ ਜਾਰੀ ਰੱਖਾਂਗੇ – ਬਲਬੀਰ ਸਿੰਘ ਸਿੱਧੂ
- ਮੋਹਾਲੀ ਕਾਰਪੋਰੇਸ਼ਨ ਦਾ ਕੰਮ ਬਾਕੀ ਕਾਰਪੋਰੇਸ਼ਨਸ ਲਈ ਇਕ ਵੱਖਰਾ ਡਿਵੈਲਪਮੈਂਟ ਮਾਡਲ ਬਣੇਗਾ – ਜੀਤੀ ਸਿੱਧੂ
ਐਸ.ਏ.ਐਸ. ਨਗਰ, 18 ਜਨਵਰੀ 2023 – ਭਾਜਪਾ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਵਿਰੋਧੀਆਂ ਤੇ ਤੰਜ ਕਸਦਿਆਂ ਕਿਹਾ ਕਿ ਸਿਆਸਤ ਮੁੱਦੇ ਅਤੇ ਤੱਥਾਂ ਉਤੇ ਕੀਤੀ ਜਾਂਦੀ ਹੈ, ਨਿੱਜੀ ਰੰਜਿਸ਼ਾਂ ਨਾਲ ਕਦੇ ਵੀ ਲੋਕਸੇਵਾ ਨਹੀਂ ਹੋ ਸਕਦੀ । ਉਹਨਾਂ ਲਲਕਾਰਦਿਆਂ ਹੋਏ ਕਿਹਾ ਅਸੀਂ ਹਰ ਮੁਸ਼ਕਲ ਦਾ ਸਾਮਣਾ ਕਰਨ ਨੂੰ ਤਿਆਰ ਹਾਂ ਪਰ ਮੋਹਾਲੀ ਦੀ ਤਰੱਕੀ ਵਿੱਚ ਕਿਸੇ ਕਿਸਮ ਦੀ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਿੱਧੂ ਨੇ ਕਿਹਾ ਕਿ ਰੱਬ ਜਾਣਦਾ ਹੈ ਅਸੀਂ ਸਿਆਸਤ ਤੋਂ ਅੱਗੇ ਵੱਧ ਕੇ ਲੋਕਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਹਰ ਦੁਖ ਸੁੱਖ ਵਿੱਚ ਸਾਥ ਨਿਭਾਇਆ ਹੈ, ਇਸ ਗੱਲ ਨੂੰ ਕੋਈ ਮੋਹਾਲੀ ਵਾਸੀ ਇਨਕਾਰ ਨਹੀਂ ਕਰ ਸਕਦਾ।
ਜੀਤੀ ਸਿੱਧੂ ਨੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਵਿਰੋਧੀਆਂ ਨੇ ਸਾਨੂੰ ਰੋਕਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਹਾਈ ਕੋਰਟ ਨੇ ਇਨਸਾਫ਼ ਕੀਤਾ। ਸਿੱਧੂ ਨੇ ਕਿਹਾ ਕਾਰਪੋਰੇਸ਼ਨ ਦਾ ਹਰ ਕੰਮ ਸਰਕਾਰੀ ਨੀਤੀਆਂ ਅਨੁਸਾਰ ਪ੍ਰਵਾਨ ਹੋਇਆ ਹੈ ਜਿਸਦਾ ਸਾਰਾ ਰਿਕਾਰਡ ਕੋਰਟ ਵਿੱਚ ਜਮ੍ਹਾਂ ਕਰਵਾਇਆ ਗਿਆ ਹੈ। ਉਹਨਾਂ ਨੇ ਕਿਹਾ ਸਾਡੇ ਤੇ ਆਰੋਪ ਲਾਉਣਾ ਇਕ ਰਾਜਨੀਤਕ ਸਾਜਿਸ਼ ਹੈ ਪਰ ਅੰਤ ਵਿੱਚ ਸੱਚਾਈ ਅੱਜ ਸਭ ਦੇ ਸਾਹਮਣੇ ਹੈ।
ਜਿਤੀ ਸਿੱਧੂ ਨੇ ਕਿਹਾ ਹੁਣ ਤੋਂ ਕਾਰਪੋਰੇਸ਼ਨ ਦੇ ਕੰਮ ਵਾਪਸ ਪਟਰੀ ਤੇ ਆ ਜਾਣਗੇ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਨੇ ਅੱਗੇ ਮੋਹਾਲੀ ਦੇ ਵਿਧਾਇਕ ਸਵਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੇ ਅਤੇ ਜਾਂਚ ਏਜੰਸੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕਾਂ ਦੇ ਸਾਹਮਣੇ ਸੱਚ ਆਵੇਗਾ।
ਜੀਤੀ ਸਿੱਧੂ ਨੇ ਨਿਆਂਪਾਲਿਕਾ ਦਾ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਸਾਡਾ ਨਿਆਂ ਪਾਲਿਕਾ ਤੇ ਭਰੋਸਾ ਹੋਰ ਵਧ ਗਿਆ ਹੈ ਅਤੇ ਇਹ ਲੋਕਤੰਤਰ ਦੀ ਜਿੱਤ ਹੈ।