ਜਲੰਧਰ, 20 ਅਪ੍ਰੈਲ 2024 – ਪੰਜਾਬ ਦੀ ਸਿਆਸਤ ਵਿੱਚ ਭਾਜਪਾ ਇੱਕ ਵਾਰ ਫਿਰ ਵੱਡੀ ਖੇਡ ਖੇਡਣ ਜਾ ਰਹੀ ਹੈ। ਜਲੰਧਰ ਤੋਂ ਸੀਨੀਅਰ ਆਗੂ ਅਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸਹਿ ਇੰਚਾਰਜ ਤਜਿੰਦਰ ਸਿੰਘ ਬਿੱਟੂ ਅੱਜ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਿੱਟੂ ਦੀ ਜੁਆਇਨਿੰਗ ਅੱਜ ਦਿੱਲੀ ‘ਚ ਹੋਵੇਗੀ, ਹਾਲਾਂਕਿ ਫਿਲਹਾਲ ਬਿੱਟੂ ਵੱਲੋਂ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਬਿੱਟੂ ਨੇ ਆਪਣਾ ਅਸਤੀਫਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ ਜਾਣਕਾਰੀ ਮੁਤਾਬਕ ਬਿੱਟੂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਬਿੱਟੂ ਗਾਂਧੀ ਪਰਿਵਾਰ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਤੇਜਿੰਦਰ ਸਿੰਘ ਬਿੱਟੂ ਨੇ ਪਿਛਲੇ ਕਈ ਦਿਨਾਂ ਤੋਂ ਭਾਜਪਾ ਦੇ ਚੋਟੀ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਸਨ। ਜਲੰਧਰ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਬਿੱਟੂ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਕੰਮ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਬਿੱਟੂ ਅੱਜ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਅਮਿਤ ਸ਼ਾਹ ਦੇ ਨਾਲ ਪੰਜਾਬ ਅਤੇ ਹਿਮਾਚਲ ਦੀ ਵੱਡੀ ਲੀਡਰਸ਼ਿਪ ਵੀ ਉੱਥੇ ਮੌਜੂਦ ਰਹੇਗੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ। ਬਿੱਟੂ ਦਾ ਪੰਜਾਬ ਵਿੱਚ ਕਾਫੀ ਪ੍ਰਭਾਵ ਹੈ।