- ਪਰਿਵਾਰ ਨੇ ਕਿਹਾ ਬਲਜੀਤ ਕੌਰ ਨੂੰ 5 ਦਿਨਾਂ ‘ਚ ਹਸਪਤਾਲ ‘ਚ ਬੈੱਡ ਵੀ ਨਹੀਂ ਮਿਲਿਆ,
- ਸਾਰਾ ਇਲਾਜ ਸਟਰੈਚਰ ‘ਤੇ ਹੀ ਹੋਇਆ
ਅੰਮ੍ਰਿਤਸਰ, 27 ਅਕਤੂਬਰ 2022 – ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਭਾਰਤ ਲਈ ਸਭ ਤੋਂ ਵੱਧ ਗੋਲ ਕਰਨ ਵਾਲੀ ਅੰਮ੍ਰਿਤਸਰ (ਪੰਜਾਬ) ਦੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਦਾ ਪੀਜੀਆਈ ਵਿੱਚ ਦੇਹਾਂਤ ਹੋ ਗਿਆ ਹੈ। ਪਰਿਵਾਰ ਨੇ ਚੰਡੀਗੜ੍ਹ ਪੀਜੀਆਈ ’ਤੇ ਬਲਜੀਤ ਕੌਰ ਦਾ ਇਲਾਜ ਠੀਕ ਨਾ ਕਰਨ ਦਾ ਦੋਸ਼ ਲਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਲਜੀਤ ਕੌਰ ਨੂੰ 5 ਦਿਨਾਂ ਤੋਂ ਹਸਪਤਾਲ ‘ਚ ਬੈੱਡ ਵੀ ਨਹੀਂ ਮਿਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਕੀ ਖਿਡਾਰਨ ਗੁਰਜੀਤ ਕੌਰ ਦੀ ਚਾਚੀ ਬਲਜੀਤ ਕੌਰ ਨੂੰ ਕਿਡਨੀ ਦੇ ਇਲਾਜ ਲਈ ਏਮਜ਼ ਬਠਿੰਡਾ ਤੋਂ ਪੀਜੀਆਈ ਰੈਫਰ ਕੀਤਾ ਗਿਆ ਸੀ। ਬਲਜੀਤ ਕੌਰ ਨੂੰ ਪੀਜੀਆਈ ਵਿੱਚ ਬੈੱਡ ਵੀ ਨਹੀਂ ਮਿਲਿਆ। ਉਹ ਆਪਣੇ ਆਖਰੀ ਸਾਹ ਤੱਕ ਬਾਹਰ ਸਟਰੈਚਰ ‘ਤੇ ਪਈ ਰਹੀ। ਗੁਰਜੀਤ ਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਲਜੀਤ ਕੌਰ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ’ਤੇ ਉਸ ਨੂੰ 22 ਅਕਤੂਬਰ ਦੀ ਰਾਤ ਨੂੰ ਪੀ.ਜੀ.ਆਈ. ਲਿਆਂਦਾ ਗਿਆ। ਜਿੱਥੇ ਹਰ ਤਰ੍ਹਾਂ ਦੀ ਸਿਫਾਰਿਸ਼ ਦੇ ਬਾਵਜੂਦ ਉਸ ਨੂੰ ਬੈੱਡ ਨਹੀਂ ਮਿਲਿਆ। ਸਾਰਾ ਇਲਾਜ ਸਟਰੈਚਰ ‘ਤੇ ਹੀ ਕੀਤਾ ਗਿਆ।
ਬੰਗਲੌਰ ਵਿੱਚ ਟ੍ਰਾਇਲ ਲਈ ਗਈ ਗੁਰਜੀਤ ਕੌਰ ਆਪਣੀ ਚਾਚੀ ਨੂੰ ਬਿਸਤਰਾ ਦਿਵਾਉਣ ਲਈ ਵੱਡੇ-ਵੱਡੇ ਆਗੂਆਂ ਨਾਲ ਸੰਪਰਕ ਕਰਦੀ ਰਹੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਆਖਰਕਾਰ ਬੁੱਧਵਾਰ ਦੇਰ ਸ਼ਾਮ ਬਲਜੀਤ ਕੌਰ ਨੇ ਆਖਰੀ ਸਾਹ ਲਏ। ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਿਸੇ ਸਿਆਸੀ ਆਗੂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਐਮਰਜੈਂਸੀ ਵਿੱਚ ਦਾਖ਼ਲ ਕਰਵਾ ਕੇ ਇਲਾਜ ਕੀਤਾ ਜਾਂਦਾ ਹੈ ਪਰ ਉੱਥੇ ਆਮ ਆਦਮੀ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। ਕਈ ਵਾਰ ਆਪਣੀ ਪਛਾਣ ਜ਼ਾਹਰ ਕਰਨ ਤੋਂ ਬਾਅਦ ਵੀ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ।