- ਪੰਜਾਬ ‘ਚ ਪੁਲਿਸ ਮੁਲਾਜ਼ਮਾਂ ਦੀਆਂ 14 ਅਪ੍ਰੈਲ ਤੱਕ ਦੀਆਂ ਛੁੱਟੀਆਂ ਰੱਦ
- ਪਹਿਲਾਂ ਮਿਲੀਆਂ ਛੁੱਟੀਆਂ ਵੀ ਹੋਈਆਂ ਰੱਦ
ਚੰਡੀਗੜ੍ਹ, 7 ਅਪ੍ਰੈਲ 2023 – ਪੰਜਾਬ ਪੁਲਿਸ ਦੀਆਂ 14 ਅਪ੍ਰੈਲ ਤੱਕ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਛੁੱਟੀ ਲੈ ਲਈ ਹੈ ਜਾਂ ਛੁੱਟੀ ‘ਤੇ ਹਨ, ਉਨ੍ਹਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਹੁਕਮ ਡੀਜੀਪੀ ਗੌਰਵ ਯਾਦਵ ਨੇ ਦਿੱਤਾ ਹੈ।
ਇੱਥੋਂ ਤੱਕ ਕਿ ਮੁਖੀਆਂ ਨੂੰ 14 ਅਪ੍ਰੈਲ, 2023 ਤੱਕ ਕਿਸੇ ਵੀ ਕਿਸਮ ਦੀ ਨਵੀਂ ਛੁੱਟੀ ਮਨਜ਼ੂਰ ਨਾ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਮਨਜ਼ੂਰ ਕੀਤੀਆਂ ਹਰ ਕਿਸਮ ਦੀਆਂ ਛੁੱਟੀਆਂ ਤੁਰੰਤ ਰੱਦ ਕਰਨ ਲਈ ਆਖਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦਾ ਇਹ ਕਦਮ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 12 ਤੋਂ 15 ਅਪ੍ਰੈਲ ਤੱਕ ਵਿਸਾਖੀ ਸਮਾਗਮ ਉਲੀਕਣ ਦੇ ਮੱਦਨਜ਼ਰ ਚੁੱਕਿਆ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਇਸ ਫੈਸਲੇ ਨੂੰ ਅੰਮ੍ਰਿਤਪਾਲ ਸਿੰਘ ਵੱਲੋਂ ਤਲਵੰਡੀ ਸਾਬੋ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਨਾਲ ਜੋੜਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਦੀ ਇਸ ਤਿਆਰੀ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ‘ਚ ਕੋਈ ਵੱਡੀ ਕਾਰਵਾਈ ਹੋਣ ਵਾਲੀ ਹੈ। ਅੰਮ੍ਰਿਤਪਾਲ ਨੇ ਸਿੱਖਾਂ ਨੂੰ 14 ਅਪ੍ਰੈਲ ਨੂੰ ਹੀ ਤਲਵੰਡੀ ਸਾਬੋ ਪਹੁੰਚਣ ਲਈ ਕਿਹਾ ਹੈ। ਹਾਲਾਂਕਿ, ਇਸ ਨੂੰ ਸਿੱਖਾਂ ਦੇ ਸਰਵਉੱਚ ਅਧਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਗੀ ਨਹੀਂ ਮਿਲੀ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 12 ਤੋਂ 15 ਅਪ੍ਰੈਲ ਤੱਕ ਵਿਸਾਖੀ ਸਮਾਗਮ ਉਲੀਕਣ ਦੇ ਮੱਦਨਜ਼ਰ ਪੰਜਾਬ ਪੁਲੀਸ ਹਾਈ ਅਲਰਟ ’ਤੇ ਹੈ। ਤਲਵੰਡੀ ਸਾਬੋ ਵਿੱਚ ਹਰ ਹਰਕਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲ ਇੱਥੇ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਵੀ ਇੱਥੇ ਡੇਰਾ ਲਾਇਆ ਹੋਇਆ ਹੈ। ਇਸ ਬਾਰੇ ਹਰ ਤਰ੍ਹਾਂ ਦੇ ਸੁਰਾਗ ਲਾਏ ਜਾ ਰਹੇ ਹਨ ਕਿ ਸਿੱਖ ਅੰਮ੍ਰਿਤਪਾਲ ਦੇ ਕਹਿਣ ‘ਤੇ ਇੱਥੇ ਇਕੱਠੇ ਹੋ ਰਹੇ ਹਨ ਜਾਂ ਨਹੀਂ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਬੱਤ ਖ਼ਾਲਸਾ ਬੁਲਾਉਣ ਦੀ ਅੰਮ੍ਰਿਤਪਾਲ ਦੀ ਮੰਗ ‘ਤੇ ਕੁਝ ਨਹੀਂ ਕਿਹਾ। ਹਾਲਾਂਕਿ ਉਨ੍ਹਾਂ ਨੇ 12-13 ਅਪ੍ਰੈਲ ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਉਣ ਲਈ ਕਿਹਾ ਹੈ। ਪੁਲਿਸ ਇਸ ਗੱਲ ‘ਤੇ ਨਜ਼ਰ ਰੱਖ ਰਹੀ ਹੈ ਕਿ ਅੰਮ੍ਰਿਤਪਾਲ ਜਾਂ ਕੱਟੜਪੰਥੀ ਖਾਲਿਸਤਾਨ ਸਮਰਥਕ ਇਸ ਇਕੱਠ ਰਾਹੀਂ ਕੋਈ ਗੜਬੜ ਪੈਦਾ ਕਰ ਦੇਣ।
ਸੂਬੇ ਵਿੱਚ ਅਮਨ-ਕਾਨੂੰਨ ਦੀ ਚੁਣੌਤੀ ਨਾਲ ਜੂਝਦਿਆਂ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਸੂਬੇ ਭਰ ਵਿੱਚ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ 6 ਹਜ਼ਾਰ ਘਰਾਂ ਦੀ ਤਲਾਸ਼ੀ ਲਈ ਗਈ। 322 ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲਿਸ ਨੇ ਇਸ ਨੂੰ ਰੁਟੀਨ ਦੀ ਕਾਰਵਾਈ ਦੱਸਿਆ ਪਰ ਇਸ ਨੂੰ ਅੰਮ੍ਰਿਤਪਾਲ ਵੱਲੋਂ ਸਿੱਖਾਂ ਨੂੰ ਤਲਵੰਡੀ ਸਾਬੋ ਵਿਖੇ ਇਕੱਠੇ ਹੋਣ ਦੀ ਅਪੀਲ ਨਾਲ ਵੀ ਜੋੜਿਆ ਜਾ ਰਿਹਾ ਹੈ।