ਚੰਡੀਗੜ੍ਹ, 2 ਮਈ 2022 – ਮਾਈਨਿੰਗ ਮਾਫੀਆ ਨਾਲ ਮਿਲ ਕੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਫਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਮੁੜ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਵੀ 2 ਵਾਰ ਅਦਾਲਤ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਤਰੀਕ ‘ਤੇ ਤਰੀਕ ਦੇ ਚੁੱਕੀ ਹੈ। ਅਦਾਲਤ ਵਿੱਚ ਇੱਕ ਵਾਰ ਦੋਵਾਂ ਧਿਰਾਂ ਦੀ ਬਹਿਸ ਹੋ ਚੁੱਕੀ ਹੈ ਪਰ ਅੱਜ ਮੁੜ ਸੁਣਵਾਈ ਦੌਰਾਨ ਦੋਵੇਂ ਧਿਰਾਂ ਜ਼ਮਾਨਤ ਪਟੀਸ਼ਨ ’ਤੇ ਆਪੋ-ਆਪਣੀਆਂ ਦਲੀਲਾਂ ਰੱਖਣਗੀਆਂ।
ਪਿਛਲੇ ਮਹੀਨੇ 20 ਅਪ੍ਰੈਲ ਨੂੰ ਹਨੀ ਦੀ ਪੇਸ਼ੀ ਦੌਰਾਨ ਬਚਾਅ ਪੱਖ ਦੇ ਵਕੀਲਾਂ ਵੱਲੋਂ ਭੁਪਿੰਦਰ ਸਿੰਘ ਚੰਨੀ ਦੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ। ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਉਨ੍ਹਾਂ ਨੇ ਜੋ ਸਬੂਤ ਇਕੱਠੇ ਕਰਨੇ ਸਨ, ਉਹ ਇਕੱਠੇ ਕਰ ਲਏ ਹਨ। ਈਡੀ ਨੇ ਅਦਾਲਤ ਵਿੱਚ ਆਪਣੀ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਹੁਣ ਮੁਕੱਦਮਾ ਚੱਲੇਗਾ।
ਅਦਾਲਤ ਨੇ ਭੁਪਿੰਦਰ ਸਿੰਘ ਹਨੀ ਦੇ ਵਕੀਲਾਂ ਦੀ ਜ਼ਮਾਨਤ ਪਟੀਸ਼ਨ ਨੂੰ ਮਨਜ਼ੂਰ ਕਰਦੇ ਹੋਏ ਇਸ ‘ਤੇ ਸੁਣਵਾਈ ਲਈ 27 ਅਪ੍ਰੈਲ ਦੀ ਤਰੀਕ ਤੈਅ ਕੀਤੀ ਸੀ। ਨਿਸ਼ਚਿਤ ਤਰੀਕ ਨੂੰ ਲੈ ਕੇ ਬਚਾਅ ਪੱਖ ਅਤੇ ਈਡੀ ਦੋਵਾਂ ਦੇ ਵਕੀਲਾਂ ਵਿਚਾਲੇ ਬਹਿਸ ਹੋਈ ਪਰ ਅਦਾਲਤ ਨੇ ਫੈਸਲਾ ਦੇਣ ਦੀ ਬਜਾਏ ਤਰੀਕ ਅੱਗੇ ਪਾ ਦਿੱਤੀ। ਅਦਾਲਤ ਨੇ ਮੁੜ ਸੁਣਵਾਈ ਲਈ 30 ਅਪਰੈਲ ਦੀ ਤਰੀਕ ਤੈਅ ਕੀਤੀ ਪਰ 30 ਅਪਰੈਲ ਨੂੰ ਵੀ ਕੋਈ ਫ਼ੈਸਲਾ ਨਹੀਂ ਆਇਆ ਅਤੇ ਅਦਾਲਤ ਵੱਲੋਂ ਸੁਣਵਾਈ ਦੀ ਨਵੀਂ ਤਰੀਕ 2 ਮਈ ਤੈਅ ਕੀਤੀ ਗਈ। ਅੱਜ ਫਿਰ ਜ਼ਮਾਨਤ ਪਟੀਸ਼ਨ ‘ਤੇ ਬਚਾਅ ਪੱਖ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਕੀਲਾਂ ਵਿਚਾਲੇ ਬਹਿਸ ਹੋਵੇਗੀ, ਉਸ ਤੋਂ ਬਾਅਦ ਹੀ ਅਦਾਲਤ ਕਿਸੇ ਨਤੀਜੇ ‘ਤੇ ਪਹੁੰਚੇਗੀ ਕਿ ਜ਼ਮਾਨਤ ਦਿੱਤੀ ਜਾਵੇ ਜਾਂ ਨਹੀਂ।