- 2 ਦਿਨਾਂ ਤੋਂ ਲਾਪਤਾ ਧੀ ਘਰ ਪਰਤੀ,
- ਫੇਰ ਗੁੱਸੇ ‘ਚ ਆਏ ਪਿਓ ਨੇ ਅਣਖ ਖਾਤਰ ਕੀਤਾ ਧੀ ਦਾ ਕ+ਤ+ਲ,
- ਲਾ+ਸ਼ ਨੂੰ ਮੋਟਰਸਾਇਕਲ ਨਾਲ ਬੰਨ੍ਹ ਕੇ ਪਿੰਡ ‘ਚ ਘਸੀਟਿਆ,
- ਅਖੀਰ ਨੂੰ ਲਾ+ਸ਼ ਨੂੰਰੇਲਵੇ ਲਾਈਨ ‘ਤੇ ਸੁੱਟਿਆ
ਅੰਮ੍ਰਿਤਸਰ, 11 ਅਗਸਤ 2023 – ਅੰਮ੍ਰਿਤਸਰ ‘ਚ ਇਕ ਪਿਤਾ ਨੇ ਆਪਣੀ 16 ਸਾਲਾ ਧੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਬਿਨਾਂ ਗੱਲ ਕੀਤਿਆਂ ਉਸ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਉਹ ਲਾਸ਼ ਨੂੰ ਆਪਣੇ ਮੋਟਰਸਾਈਕਲ ਨਾਲ ਬੰਨ੍ਹ ਕੇ ਪਿੰਡ ਦੇ ਦੁਆਲੇ ਘਸੀਟਿਆ ਵੀ। ਇਸ ਤੋਂ ਬਾਅਦ ਲਾਸ਼ ਨੂੰ ਰੇਲਵੇ ਲਾਈਨ ‘ਤੇ ਸੁੱਟ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਪਿਤਾ ਅਜੇ ਫਰਾਰ ਦੱਸਿਆ ਜਾ ਰਿਹਾ ਹੈ।
ਘਟਨਾ ਜ਼ਿਲ੍ਹਾ ਅੰਮ੍ਰਿਤਸਰ ਦੇ ਟਾਂਗਰਾ ਦੇ ਪਿੰਡ ਮੁੱਛਲ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟੀ 2 ਦਿਨਾਂ ਤੋਂ ਘਰੋਂ ਲਾਪਤਾ ਸੀ। ਕਾਫੀ ਭਾਲ ਕਰਨ ‘ਤੇ ਵੀ ਉਹ ਕਿਤੇ ਨਹੀਂ ਮਿਲੀ ਪਰ ਕੱਲ੍ਹ ਦੁਪਹਿਰ ਬਾਅਦ ਅਚਾਨਕ ਘਰ ਪਰਤ ਆਈ ਸੀ। ਇਸ ਤੋਂ ਬਾਅਦ ਗੁੱਸੇ ‘ਚ ਆਏ ਪਿਤਾ ਨੇ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਇਸ ਘਟਨਾ ਨੂੰ ਪਿੰਡ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪਿੰਡ ਵਾਸੀਆਂ ਨੇ ਹੀ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਬੇਟੀ ਦੋ ਦਿਨਾਂ ਤੋਂ ਲਾਪਤਾ ਸੀ। ਜਿਵੇਂ ਹੀ ਉਹ ਘਰ ਆਈ ਤਾਂ ਪਿਤਾ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਬਾਹਰ ਖਿੱਚ ਲਿਆ। ਇਸ ਤੋਂ ਬਾਅਦ ਉਸ ਨੇ ਨਾ ਤਾਂ ਕਿਸੇ ਨੂੰ ਪੁੱਛਿਆ ਅਤੇ ਨਾ ਹੀ ਪਿੱਛੇ ਮੁੜ ਕੇ ਦੇਖਿਆ। ਮਾਂ ਨੂੰ ਵੀ ਨਹੀਂ ਪਤਾ ਕਿ ਪਿਤਾ ਆਪਣੀ ਧੀ ਨੂੰ ਕਿੱਥੇ ਲੈ ਗਿਆ ਸੀ ਅਤੇ ਉਸ ਨਾਲ ਕੀ ਕੀਤਾ।
ਪਿਤਾ ਲਾਸ਼ ਨੂੰ ਮੋਟਰਸਾਈਕਲ ਦੇ ਪਿਛਲੇ ਹਿੱਸੇ ਨਾਲ ਬੰਨ੍ਹ ਕੇ ਰੇਲਵੇ ਲਾਈਨਾਂ ਕੋਲ ਲੈ ਗਿਆ ਪਰ ਇਸ ਬਾਰੇ ਪੁਲੀਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਪਿਤਾ ਦੀ ਕੋਸ਼ਿਸ਼ ਸੀ ਕਿ ਟਰੇਨ ਨੂੰ ਲਾਸ਼ ਦੇ ਉਪਰੋਂ ਲੰਘਾਇਆ ਜਾਵੇ ਅਤੇ ਸਾਰੀ ਘਟਨਾ ਨੂੰ ਹਾਦਸੇ ਦਾ ਰੂਪ ਦਿੱਤਾ ਜਾਵੇ। ਪਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।