ਹੁਸ਼ਿਆਰਪੁਰ, 11 ਅਗਸਤ 2024 – ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜੇਜੋਂ ਚੋਅ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਹੋਏ ਇੱਕ ਦਰਦਨਾਕ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਇਸ ਘਟਨਾ ਵਿੱਚ ਇੱਕ ਇਨੋਵਾ ਗੱਡੀ, ਜਿਸ ਵਿੱਚ 12 ਲੋਕ ਸਵਾਰ ਸਨ, ਪਾਣੀ ਦੇ ਤੇਜ਼ ਵਹਾਅ ਵਿੱਚ ਬਹਿ ਗਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਦੁਖਦ ਮੌਤ ਹੋ ਗਈ ਹੈ, ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ। ਇੱਕ ਵਿਅਕਤੀ ਨੂੰ ਐਨ.ਡੀ.ਆਰ.ਐੱਫ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਚਾ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਮੌਕੇ ‘ਤੇ ਚੱਲ ਰਹੇ ਬਚਾਵ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ 9 ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਲਾਪਤਾ ਲੋਕਾਂ ਦੀ ਤਲਾਸ਼ ਲਈ ਐਨ.ਡੀ.ਆਰ.ਐੱਫ ਦੀ ਟੀਮ ਵੱਲੋਂ ਬਚਾਵ ਕਾਰਜ ਲਗਾਤਾਰ ਜਾਰੀ ਹਨ।
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਇੱਕ ਇਨੋਵਾ ਗੱਡੀ ਦੇ ਜੇਜੋਂ ਚੋਅ ਵਿੱਚ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਜਾਣ ਕਾਰਨ ਹੋਇਆ। ਗੱਡੀ ਵਿੱਚ ਸਵਾਰ ਲੋਕ ਹਿਮਾਚਲ ਪ੍ਰਦੇਸ਼ ਦੇ ਮੈਹਤਪੁਰ ਦੇ ਦੇਹਲਾ ਪਿੰਡ ਤੋਂ ਪੰਜਾਬ ਦੇ ਨਵਾਂਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਹੇ ਸਨ। ਬਦਕਿਸਮਤੀ ਨਾਲ, ਰਸਤੇ ਵਿੱਚ ਚੋਅ ਦੇ ਵੱਧੇ ਹੋਏ ਪਾਣੀ ਕਾਰਨ ਗੱਡੀ ਬਹਿ ਗਈ, ਜਿਸ ਨਾਲ ਇਹ ਦਰਦਨਾਕ ਘਟਨਾ ਵਾਪਰੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ, ਐਸ.ਡੀ.ਐਮ. ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬਲ ਤੁਰੰਤ ਮੌਕੇ ‘ਤੇ ਪਹੁੰਚ ਗਏ ਸਨ ਅਤੇ ਬਚਾਅ ਕਾਰਜਾਂ ਦਾ ਤਾਲਮੇਲ ਸ਼ੁਰੂ ਕਰ ਦਿੱਤਾ। ਇਸਦੇ ਨਾਲ ਹੀ, ਐਨ.ਡੀ.ਆਰ.ਐੱਫ ਦੀ ਟੀਮ ਨੂੰ ਵੀ ਤਤਕਾਲ ਸੂਚਿਤ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਫੌਰੀ ਤੌਰ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਹਾਦਸੇ ‘ਤੇ ਗਹਿਰਾ ਸੋਗ ਪ੍ਰਗਟਾਉਂਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਦੁਖਦ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕਰੇਗਾ। ਉਨ੍ਹਾਂ ਲੋਕਾਂ ਨਾਲ ਵੀ ਅ਼ਪੀਲ ਕੀਤੀ ਹੈ ਕਿ ਉਹ ਬਰਸਾਤ ਦੇ ਮੌਸਮ ਵਿੱਚ ਕਿਸੇ ਵੀ ਪ੍ਰਕਾਰ ਦੇ ਡੈਮ, ਦਰਿਆ, ਨਹਿਰਾਂ, ਖੱਡਾਂ ਅਤੇ ਨੀਵੇਂ ਇਲਾਕਿਆਂ ਦੇ ਆਲੇ ਦੁਆਲੇ ਬਹੁਤ ਸਾਵਧਾਨੀ ਵਰਤਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਨ, ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਭਰੋਸਾ ਦਿੱਤਾ ਕਿ ਲਾਪਤਾ ਲੋਕਾਂ ਦੀ ਤਲਾਸ਼ ਅਤੇ ਬਚਾਅ ਕਾਰਜਾਂ ਨੂੰ ਜੰਗੀ ਪੱਧਰ ‘ਤੇ ਜਾਰੀ ਰੱਖਿਆ ਜਾਵੇਗਾ ਅਤੇ ਇਸ ਦਿਸ਼ਾ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।