- ਖੇਤੀਬਾੜੀ ਮੁਲਾਜ਼ਮਾਂ ਨੇ ਕਤਲ ਕਰਾਰ ਦਿੰਦਿਆ ਕੀਤਾ ਪ੍ਰਦਰਸ਼ਨ
ਗੁਰਦਾਸਪੁਰ, 19 ਅਕਤੂਬਰ 2024 – ਗੁਰਦਾਸਪੁਰ ਵਿੱਚ ਇੱਕ ਹਸਪਤਾਲ ਵਿੱਚ ਦਾਖਲ ਬਿਮਾਰ ਖੇਤੀਬਾੜੀ ਮੁਲਾਜ਼ਮ ਜਿਸ ਦੀ ਆਰ ਓ ਦੇ ਤੌਰ ਤੇ ਚੋਣ ਡਿਊਟੀ ਸੀ, ਨੂੰ ਦਬਾਅ ਪਾ ਕੇ ਡਿਊਟੀ ਤੇ ਬੁਲਾਉਣ ਅਤੇ ਉਸ ਦੀ ਮੌਤ ਹੋ ਜਾਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਖੇਤੀਬਾੜੀ ਮੁਲਾਜ਼ਮਾਂ ਨੇ ਇਸ ਨੂੰ ਕਤਲ ਕਰਾਰ ਦਿੰਦਿਆਂ ਮਾਮਲੇ ਦੀ ਜਾਂਚ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਵੀ ਕੀਤਾ ਹੈ।
ਜਾਣਕਾਰੀ ਅਨੁਸਾਰ ਜਗਮੋਹਨ ਨਾਂ ਦੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਦੀ ਧਾਰੀਵਾਲ ਵਿਖੇ ਸਰਪੰਚੀ ਚੋਣ ਦੌਰਾਨ ਆਰ ਓ ਦੀ ਡਿਊਟੀ ਲੱਗੀ ਸੀ। ਜਗਮੋਹਨ ਨਾਂ ਦਾ ਖੇਤੀਬਾੜੀ ਵਿਭਾਗ ਦਾ ਮੁਲਾਜ਼ਮ ਜੋ ਛੇ ਤਰੀਕ ਨੂੰ ਹਸਪਤਾਲ ਦਾਖਲ ਸੀ ਨੂੰ ਡਿਉਢੀ ਤੇ ਹਾਜ਼ਰ ਹੋਣ ਦਾ ਅਧਿਕਾਰੀਆਂ ਵੱਲੋਂ ਦਬਾਅ ਪਾਇਆ ਗਿਆ ਤੇ ਉਸਨੂੰ ਡਰਿਪ ਲੱਗੇ ਹੀ ਡਿਊਟੀ ਤੇ ਹਾਜ਼ਰ ਹੋਣਾ ਪਿਆ। ਉਸਦੇ ਪਰਿਵਾਰ ਵਾਲੇ ਉਸ ਦੇ ਲਈ ਘਰੋਂ ਮੰਜਾ ਵੀ ਲੈ ਕੇ ਆਏ ਪਰ ਉੱਥੇ ਉਸਦੀ ਹਾਲਤ ਜਿਆਦਾ ਵਿਗੜ ਗਈ ਅਤੇ ਧਾਰੀਵਾਲ ਵਿਖੇ ਤੈਨਾਤ ਹੋਰ ਮੁਲਾਜ਼ਮਾਂ ਵੱਲੋਂ ਉਸ ਨੂੰ ਗੱਡੀ ਤੇ ਪਾ ਕੇ ਹਸਪਤਾਲ ਭੇਜਿਆ ਗਿਆ ਪਰ ਉਸ ਦੀ ਮੌਤ ਹੋ ਗਈ। ਖੇਤੀਬਾੜੀ ਵਿਭਾਗ ਮੁਲਾਜ਼ਮ ਦੇ ਆਪਣੇ ਸਾਥੀ ਮੁਲਾਜ਼ਮ ਦੀ ਮੌਤ ਨੂੰ ਕਤਲ ਦੱਸਦੇ ਹੋਏ ਉਸਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਕਰ ਰਹੇ ਹਨ।
ਉੱਥੇ ਹੀ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਜੇਕਰ ਮਾਮਲੇ ਵਿੱਚ ਕਿਸੇ ਅਫਸਰ ਦੀ ਅਣਗਹਿਲੀ ਪਾਈ ਗਈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਉਸ ਦਾ ਬਣਦਾ ਹੱਕ ਅਤੇ ਪਰਿਵਾਰ ਮੈਂਬਰ ਨੂੰ ਨਿਯਮਾਂ ਅਨੁਸਾਰ ਨੌਕਰੀ ਦਿੱਤੀ ਜਾਏਗੀ।
ਵੀਊ_ਜਾਣਕਾਰੀ ਦਿੰਦਿਆਂ ਮ੍ਰਿਤਕ ਜਗਮੋਹਨ ਦੇ ਸਾਥੀ ਆਰ ਓ, ਖੇਤੀਬਾੜੀ ਵਿਭਾਗ ਦੇ ਚੀਫ ਇੰਜੀਨੀਅਰ ਅਤੇ ਇੱਕ ਹੋਰ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਨੇ ਦੱਸਿਆ ਕਿ ਜਗਮੋਹਨ ਪੰਜ ਤਰੀਕ ਨੂੰ ਡਿਊਟੀ ਦੌਰਾਨ ਬਿਮਾਰ ਹੋ ਗਿਆ ਸੀ। ਛੇ ਨੂੰ ਛੁੱਟੀ ਹੋਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਤੇ ਅਧਿਕਾਰੀਆਂ ਵੱਲੋਂ ਡਿਊਟੀ ਤੇ ਹਾਜ਼ਰ ਹੋਣ ਦਾ ਦਬਾਅ ਪਾਇਆ ਗਿਆ ਜਿਸ ਕਾਰਨ ਉਹ ਹਸਪਤਾਲ ਵਿੱਚੋਂ ਸੱਤ ਤਰੀਕ ਨੂੰ ਡਿਊਟੀ ਤੇ ਹਾਜ਼ਰ ਹੋ ਗਿਆ ਪਰ ਉਸਦੇ ਡਰਿਪ ਵੀ ਲੱਗੀ ਸੀ ਅਤੇ ਪਰਿਵਾਰਿਕ ਮੈਂਬਰ ਵੀ ਉਸਦੇ ਨਾਲ ਧਾਰੀਵਾਲ ਵਿਖੇ ਆ ਗਏ ਸਨ। ਸੱਤ ਤਰੀਕ ਨੂੰ ਕਾਗਜ ਵਾਪਸੀ ਦਾ ਦਿਨ ਸੀ ਅਤੇ ਜਗਮੋਹਨ ਮੰਜੇ ਤੇ ਪਿਆ ਆਪਣੀ ਡਿਊਟੀ ਦੇ ਰਿਹਾ ਸੀ ਜਿੱਥੇ ਉਸ ਦੀ ਹਾਲਤ ਵਿਗੜਦੇ ਦੇਖ ਉਸ ਨੂੰ ਹਸਪਤਾਲ ਇੱਕ ਗੱਡੀ ਤੇ ਭੇਜ ਦਿੱਤਾ ਗਿਆ, ਜਿਸ ਦੀਆਂ ਵੀਡੀਓ ਵੀ ਮੀਡੀਆ ਨੂੰ ਜਾਰੀ ਕੀਤੀਆਂ ਗਈਆਂ ਹਨ।
ਜਗਮੋਹਨ ਦੀ ਇਲਾਜ ਦੌਰਾਨ ਮੌਤ ਹੋ ਗਈ। ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜੇਕਰ ਜਗਮੋਹਨ ਨੂੰ ਡਿਊਟੀ ਤੇ ਆਉਣ ਦਾ ਦਬਾਅ ਨਾ ਪਾਇਆ ਜਾਂਦਾ ਤਾਂ ਉਸ ਨੂੰ ਸਹੀ ਇਲਾਜ ਮਿਲ ਸਕਦਾ ਸੀ ਅਤੇ ਉਸ ਨੂੰ ਬਚਾਇਆ ਜਾ ਸਕਦਾ ਸੀ। ਇਸ ਲਈ ਉਹ ਇਸ ਨੂੰ ਕਤਲ ਮੰਨਦੇ ਹਨ ਕਿਉਂਕਿ ਹਸਪਤਾਲ ਵਿੱਚ ਦਾਖਲ ਹੋਣ ਦੇ ਬਾਵਜੂਦ ਜਗਮੋਹਨ ਤੇ ਇਨਾਂ ਦਬਾਅ ਪਾਇਆ ਗਿਆ ਕਿ ਉਹ ਡਿਊਟੀ ਤੇ ਆਉਣ ਲਈ ਮਜਬੂਰ ਹੋ ਗਿਆ। ਮੁਲਾਜ਼ਮ ਕਹਿੰਦੇ ਹਨ ਕਿ ਉਹ ਇਸ ਦੀ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਅਤੇ ਮ੍ਰਿਤਕ ਜਗਮੋਹਨ ਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਕਰਦੇ ਹਨ।
ਉੱਥੇ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲੀ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਸਰਕਾਰ ਦੇ ਨਿਯਮ ਹਨ ਕਿ ਡਿਯੂਟੀ ਦੌਰਾਨ ਜੇਕਰ ਕਿਸੇ ਮੁਲਾਜ਼ਮ ਨਾਲ ਅਜਿਹੀ ਅਨਹੋਨੀ ਹੁੰਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਦੇ ਨਾਲ ਨਾਲ ਇੱਕ ਪਰਿਵਾਰਕ ਮੈਂਬਰ ਨੂੰ ਉਸਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਹੈ। ਜਗਮੋਹਨ ਦੇ ਪਰਿਵਾਰ ਨੂੰ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਹ ਸਹਾਇਤਾ ਦਿੱਤੀ ਜਾਏਗੀ ਅਤੇ ਨਾਲ ਹੀ ਇਸ ਦੀ ਜਾਂਚ ਵੀ ਕਰਵਾਈ ਜਾਏਗੀ ਕਿ ਮਾਮਲੇ ਵਿੱਚ ਕਿਸੇ ਅਧਿਕਾਰੀ ਦੀ ਅਣਗਹਿਲੀ ਹੈ ਕਿ ਨਹੀਂ? ਜੇਕਰ ਕਿਸੇ ਅਧਿਕਾਰੀ ਦੀ ਅਣਗਹਿਲੀ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।