ਲੁਧਿਆਣਾ, 15 ਜਨਵਰੀ 2023 – ਲੁਧਿਆਣਾ ਦੇ ਰਾਏਕੋਟ ਦੇ ਪਿੰਡ ਤਾਜਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ‘ਤੇ ਦੋਸ਼ ਲੱਗੇ ਹਨ ਕੇ ਉਸ ਨੇ ਵਿਆਹ ਦੇ ਸਾਢੇ ਸੱਤ ਸਾਲ ਬਾਅਦ ਵੀ ਬੱਚਾ ਨਾ ਹੋਣ ਕਾਰਨ ਕਥਿਤ ਤੌਰ ‘ਤੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਅਨੁਸਾਰ ਮੁਲਜ਼ਮ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ। ਸਦਰ ਰਾਏਕੋਟ ਪੁਲੀਸ ਨੇ ਮੁਲਜ਼ਮ ਸਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਪਤੀ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਹੈ।
ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ (31) ਵਜੋਂ ਹੋਈ ਹੈ। ਉਸ ਦੀ ਮਾਂ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਸਰਨਜੀਤ ਦੇ ਬੱਚੇ ਨਾ ਹੋਣ ‘ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। 10 ਜਨਵਰੀ ਨੂੰ ਵੀ ਮੁਲਜ਼ਮਾਂ ਨੇ ਉਸ ਦੀ ਬੇਟੀ ਦੀ ਫਿਰ ਕੁੱਟਮਾਰ ਕੀਤੀ। ਜਦੋਂ ਉਸ ਦੀ ਲੜਕੀ ਨੇ ਉਸ ਨੂੰ ਇਹ ਦੱਸਿਆ ਤਾਂ ਉਸ ਨੇ ਸਰਨਜੀਤ ਨੂੰ ਫੋਨ ਕੀਤਾ। ਉਸ ਨੂੰ ਸਮਝਾਇਆ, ਪਰ ਉਹ ਨਾ ਮੰਨਿਆ।
ਔਰਤ ਨੇ ਦੱਸਿਆ ਕਿ 11 ਜਨਵਰੀ ਨੂੰ ਸਰਨਜੀਤ ਸਿੰਘ ਨੇ ਉਸ ਨੂੰ ਦੱਸਿਆ ਕਿ ਜਸਵਿੰਦਰ ਕੌਰ ਬਾਥਰੂਮ ‘ਚ ਡਿੱਗ ਕੇ ਬੇਹੋਸ਼ ਹੋ ਗਈ ਹੈ, ਜਿਸ ਤੋਂ ਬਾਅਦ ਉਹ ਪਿੰਡ ਤਾਜਪੁਰ ਪਹੁੰਚੀ। ਜਦੋਂ ਉਹ ਉੱਥੇ ਪਹੁੰਚੀ ਤਾਂ ਉਸ ਨੇ ਆਪਣੀ ਬੇਟੀ ਨੂੰ ਬੈੱਡ ‘ਤੇ ਬੇਹੋਸ਼ੀ ਦੀ ਹਾਲਤ ‘ਚ ਦੇਖਿਆ। ਉਸਦੇ ਮੂੰਹ ਅਤੇ ਨੱਕ ਵਿੱਚੋਂ ਝੱਗ ਨਿਕਲ ਰਹੀ ਸੀ।
ਪੁੱਛਣ ‘ਤੇ ਸਰਨਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਕੋਈ ਦੌਰਾ ਪਿਆ ਹੋਵੇਗਾ ਅਤੇ ਉਹ ਜਲਦੀ ਹੀ ਆਮ ਵਾਂਗ ਹੋ ਜਾਵੇਗੀ। ਜਿਸ ਤੋਂ ਬਾਅਦ ਉਹ ਆਪਣੀ ਬੇਟੀ ਨੂੰ ਹਸਪਤਾਲ ਲੈ ਗਈ, ਜਿੱਥੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਨੇ ਆਪਣੇ ਪਤੀ ‘ਤੇ ਜ਼ਹਿਰ ਦੇਣ ਦਾ ਦੋਸ਼ ਲਗਾਇਆ ਹੈ। ਜਿਸ ਤੋਂ ਬਾਅਦ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਫਰਾਰ ਹੋਣ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ।
ਜਸਵਿੰਦਰ ਕੌਰ ਦੇ ਪਿਤਾ ਕੈਨੇਡਾ ਰਹਿੰਦੇ ਹਨ। ਉਸਦੇ ਆਉਣ ਤੋਂ ਬਾਅਦ ਹੀ ਜਸਵਿੰਦਰ ਦਾ ਸਸਕਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਕੌਰ ਦੇ ਮਾਮੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਤਿੰਨ ਲੋਕਾਂ ਦੇ ਨਾਂ ਲਿਖੇ ਸਨ ਪਰ ਪੁਲਸ ਨੇ ਸਿਰਫ ਇਕ ਖਿਲਾਫ ਮਾਮਲਾ ਦਰਜ ਕੀਤਾ ਹੈ।