ਫਾਜ਼ਿਲਕਾ, 28 ਅਪ੍ਰੈਲ 2024 – ਫਾਜ਼ਿਲਕਾ ਦੇ ਪਿੰਡ ਬੋਦੀਵਾਲਾ ਪਿੱਥਾ ਦੇ ਇੱਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦੀ ਪਛਾਣ ਖਜਾਨ ਸਿੰਘ ਵਾਸੀ ਪਿੰਡ ਬੋਦੀਵਾਲਾ ਪਿੱਥਾ ਵਜੋਂ ਹੋਈ ਹੈ।
ਪਿੰਡ ਬੋਦੀਵਾਲਾ ਪਿੱਥਾ ਦੇ 60 ਸਾਲਾ ਬਜ਼ੁਰਗ ਖਜਾਨ ਸਿੰਘ ਭਾਦੂ ਪੁੱਤਰ ਬਲਰਾਮ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਖਜਾਨ ਸਿੰਘ ਦੀ ਪਤਨੀ ਦੀ ਲੰਬੀ ਬੀਮਾਰੀ ਤੋਂ ਬਾਅਦ ਕਰੀਬ 5 ਸਾਲ ਪਹਿਲਾਂ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਖਜਾਨ ਸਿੰਘ ਵੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਪਰ ਪਤਨੀ ਦੇ ਵਿਛੋੜੇ ਦਾ ਦੁੱਖ ਦੂਰ ਨਹੀਂ ਹੋ ਰਿਹਾ ਸੀ।
ਖਜਾਨ ਸਿੰਘ ਨੇ ਪਿੰਡ ਖੂਈਖੇੜਾ ਨੇੜੇ ਗੰਗਾ ਕੈਨਾਲ ਦੀ ਲੰਘਦੀ ਰੇਲਵੇ ਲਾਈਨ ‘ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਰੇਲਵੇ ਵਿਭਾਗ ਦੇ ਗੇਟਮੈਨ ਨੇ ਲਾਸ਼ ਰੇਲਵੇ ਟਰੈਕ ‘ਤੇ ਪਈ ਵੇਖ ਕੇ ਸਟੇਸ਼ਨ ਮਾਸਟਰ ਅਤੇ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਜੀਆਰਪੀ ਦੇ ਏਐਸਆਈ ਅਜੀਤ ਸਿੰਘ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਮੈਂਬਰ ਬਿੱਟੂ ਨਰੂਲਾ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਰੇਲਵੇ ਟਰੈਕ ਤੋਂ ਚੁੱਕ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ।
ਜੀਆਰਪੀ ਦੇ ਏਐਸਆਈ ਅਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਸਿਰ ਅਤੇ ਧੜ ਵੱਖਰਾ ਸੀ ਅਤੇ ਲੱਤਾਂ ਵੱਖ-ਵੱਖ ਕੱਟੀਆਂ ਗਈਆਂ ਸਨ। ਜਿਸ ਨੂੰ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਨੇ ਬੜੀ ਮੁਸ਼ਕਲ ਨਾਲ ਇਕੱਠਾ ਕਰਕੇ ਮੁਰਦਾਘਰ ਵਿੱਚ ਰਖਵਾਇਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਲੜਕੇ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।