ਜਲੰਧਰ, 12 ਮਈ 2024 – ਜਲੰਧਰ ‘ਚ ਸਪੇਨ ਤੋਂ ਪਰਤੀ ਵਿਆਹੁਤਾ ਔਰਤ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਪੰਜਾਬ ਛੱਡ ਕੇ ਵਿਦੇਸ਼ ਭੱਜ ਗਿਆ ਹੈ। ਵਿਦੇਸ਼ ਜਾਣ ਸਮੇਂ ਉਹ ਔਰਤ ਦਾ ਪਾਸਪੋਰਟ ਅਤੇ ਗ੍ਰੀਨ ਕਾਰਡ ਵੀ ਆਪਣੇ ਨਾਲ ਲੈ ਗਏ। ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੇ ਸਹੁਰਿਆਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਸਬੰਧੀ ਔਰਤ ਨੇ ਸ਼ਨੀਵਾਰ ਦੇਰ ਰਾਤ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਲਿਖਤੀ ਸ਼ਿਕਾਇਤ ਦਿੱਤੀ।
ਸਪੇਨ ਦੀ ਰਹਿਣ ਵਾਲੀ ਅਨੁਰਾਧਾ ਨੇ ਦੱਸਿਆ- ਉਹ ਮੂਲ ਰੂਪ ਤੋਂ ਪ੍ਰੀਤ ਨਗਰ, ਜਲੰਧਰ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਜਲੰਧਰ ਦੇ ਰਹਿਣ ਵਾਲੇ ਇੰਦਰ ਨਾਂ ਦੇ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਸਪੇਨ ਚਲੇ ਗਏ। ਪਹਿਲਾਂ ਤਾਂ ਸਭ ਕੁਝ ਠੀਕ ਚੱਲਿਆ। ਪਰ ਫਿਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਸਹੁਰਿਆਂ ਵੱਲੋਂ ਅਕਸਰ ਉਸ ਨਾਲ ਮਾੜਾ-ਵਿਵਹਾਰ ਕੀਤਾ ਜਾਂਦਾ ਸੀ।
ਅਨੁਰਾਧਾ ਦੇਰ ਰਾਤ ਥਾਣਾ 8 ‘ਚ ਪਹੁੰਚੀ ਅਤੇ ਕਿਹਾ ਕਿ ਵਿਆਹ ਤੋਂ ਬਾਅਦ ਦੋਹਾਂ ਦੇ ਬੱਚਾ ਨਹੀਂ ਹੋ ਰਿਹਾ। ਇਸ ਕਾਰਨ ਅਕਸਰ ਹੀ ਸਹੁਰਿਆਂ ਵੱਲੋਂ ਉਸ ਨਾਲ ਦੁਰਵਿਵਹਾਰ ਕੀਤਾ ਜਾਂਦਾ ਸੀ। ਇਸ ਗੱਲ ਨੂੰ ਲੈ ਕੇ ਮੇਰੇ ਸਹੁਰਿਆਂ ਨੇ ਮੇਰੀ ਕਈ ਵਾਰ ਕੁੱਟਮਾਰ ਵੀ ਕੀਤੀ। ਪਰ ਉਸਨੇ ਆਪਣਾ ਘਰ ਬਚਾਉਣ ਲਈ ਕੁਝ ਨਹੀਂ ਕਿਹਾ।
ਕੁਝ ਦਿਨ ਪਹਿਲਾਂ ਉਹ ਆਪਣੇ ਸਹੁਰਿਆਂ ਨਾਲ ਭਾਰਤ ਪਰਤੀ ਸੀ। ਪਰ ਸ਼ਨੀਵਾਰ ਦੇਰ ਰਾਤ ਨੂੰ ਸਹੁਰੇ ਆਪਣੇ ਲੜਕੇ ਸਮੇਤ ਵਿਦੇਸ਼ ਸਪੇਨ ਚਲੇ ਗਏ ਅਤੇ ਜਾਂਦੇ ਸਮੇਂ ਦੋਸ਼ੀ ਉਸ ਦਾ ਪਾਸਪੋਰਟ ਅਤੇ ਨਾਗਰਿਕਤਾ ਕਾਰਡ ਵੀ ਆਪਣੇ ਨਾਲ ਲੈ ਗਏ।
ਔਰਤ ਨੇ ਦੋਸ਼ ਲਾਇਆ ਹੈ ਕਿ ਸਪੇਨ ਵਿੱਚ ਵੀ ਉਸ ਦੇ ਪਤੀ ਵੱਲੋਂ ਅਕਸਰ ਉਸ ਨੂੰ ਕੁੱਟਿਆ ਜਾਂਦਾ ਸੀ। ਇਕ ਵਾਰ ਮਾਮਲਾ ਇੰਨਾ ਵਧ ਗਿਆ ਕਿ ਗੁਆਂਢੀਆਂ ਨੂੰ ਉਸ ਨੂੰ ਬਚਾਉਣ ਲਈ ਆਉਣਾ ਪਿਆ। ਸਹੁਰੇ ਵਾਲੇ ਅਕਸਰ ਗਾਲੀ-ਗਲੋਚ ਕਰਦੇ ਸਨ। ਸਾਰਾ ਪਰਿਵਾਰ ਮਿਲ ਕੇ ਉਸ ਨੂੰ ਬੁਰਾ ਭਲਾ ਆਖਦਾ ਸੀ। ਪਰਿਵਾਰ ਵਾਲੇ ਉਸ ‘ਤੇ ਤਲਾਕ ਲੈਣ ਲਈ ਦਬਾਅ ਪਾ ਰਹੇ ਸਨ। ਪਰ ਉਹ ਤਲਾਕ ਨਹੀਂ ਲੈਣਾ ਚਾਹੁੰਦੀ ਸੀ।
ਇਸ ਸੰਬੰਧੀ ਏ.ਐੱਸ.ਆਈ ਫਕੀਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਵੱਲੋਂ ਆਪਣੇ ਪਤੀ ਅਤੇ ਸਹੁਰੇ ਖਿਲਾਫ ਇਹ ਦੋਸ਼ ਲਗਾਏ ਗਏ ਹਨ। ਜਲਦੀ ਹੀ ਪੁਲਿਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ। ਔਰਤ ਦੇ ਬਿਆਨ ਦਰਜ ਕਰ ਲਏ ਗਏ ਹਨ।