ਚੰਡੀਗੜ੍ਹ, 2 ਨਵੰਬਰ 2022 – ਪੰਜਾਬ ਸਰਕਾਰ ਦੇ ਇੱਕ ਅਹਿਮ ਵਿਭਾਗ ਵਿੱਚ ਕੰਮ ਕਰਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਉੱਤੇ ਮਹਿਲਾ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ। ਇਹ ਅਧਿਕਾਰੀ MeToo ਦੇ ਘੇਰੇ ‘ਚ ਆਏ ਹਨ। ਮਾਮਲਾ ਮੁੱਖ ਸਕੱਤਰ ਤੱਕ ਪੁੱਜਾ ਤਾਂ ਉਨ੍ਹਾਂ ਸਬੰਧਤ ਅਧਿਕਾਰੀ ਨੂੰ ਅਹੁਦੇ ਤੋਂ ਹਟਾ ਕੇ ਸਾਈਡਲਾਈਨ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਸ਼ਾਂ ਦੀ ਵਿਭਾਗੀ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਮੁਲਾਜ਼ਮਾਂ ਨੇ ਦੋਸ਼ ਲਾਇਆ ਸੀ ਕਿ ਉਕਤ ਅਧਿਕਾਰੀ ਉਨ੍ਹਾਂ ‘ਤੇ ਟਿੱਪਣੀਆਂ ਕਰਦੇ ਸਨ। ਉਕਤ ਅਧਿਕਾਰੀ ਨੂੰ ਹਾਲ ਹੀ ਵਿੱਚ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਮੁੱਖ ਸਕੱਤਰ ਨੂੰ ਲਿਖੇ ਪੱਤਰ ‘ਚ ਮਹਿਲਾ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਕਤ ਅਧਿਕਾਰੀ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ। ਔਰਤਾਂ ਨੇ ਦੋਸ਼ ਲਾਇਆ ਕਿ ਉਕਤ ਅਧਿਕਾਰੀ ਉਮਰ ਅਤੇ ਅਹੁਦੇ ਦੀ ਮਾਣ-ਮਰਿਆਦਾ ਭੁੱਲਦਿਆਂ ਉਹਨਾਂ ‘ਤੇ ਭੱਦੀਆਂ ਟਿੱਪਣੀਆਂ ਕਰਦਾ ਹੈ। ਇੰਨਾ ਹੀ ਨਹੀਂ ਇਹ ਅਧਿਕਾਰੀ ਕਈ ਵਾਰ ਆ ਕੇ ਉਹਨਾਂ ਦੀ ਕੁਰਸੀ ‘ਤੇ ਬੈਠ ਕੇ ਪ੍ਰੇਸ਼ਾਨ ਕਰਦਾ ਹੈ।
ਸੂਤਰਾਂ ਅਨੁਸਾਰ ਜਦੋਂ ਇਹ ਸ਼ਿਕਾਇਤ ਮੁੱਖ ਸਕੱਤਰ ਵੀ ਕੇ ਜੰਜੂਆ ਕੋਲ ਪੁੱਜੀ ਤਾਂ ਉਨ੍ਹਾਂ ਇਸ ਦਾ ਸਖ਼ਤ ਨੋਟਿਸ ਲਿਆ। ਅਧਿਕਾਰੀ ਦਾ ਵਿਭਾਗ ਤੁਰੰਤ ਬਦਲ ਦਿੱਤਾ ਗਿਆ। ਸਬੰਧਤ ਆਈਏਐਸ ਅਧਿਕਾਰੀ ਦੇ ਚਾਲ-ਚਲਣ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਸ ਦੀ ਸਰਵਿਸ ਫਾਈਲ ਕੱਢਣ ਦੇ ਆਦੇਸ਼ ਵੀ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਉਕਤ ਅਧਿਕਾਰੀ ਨੂੰ ਦੋ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਸੀ, ਪਰ ਹੁਣ ਇਕ ਵਿਭਾਗ ਦਾ ਚਾਰਜ ਵਾਪਸ ਲੈ ਕੇ ਉਸ ਨੂੰ ਅਜਿਹੇ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਦਾ ਪਬਲਿਕ ਡੀਲਿੰਗ ਨਾਲ ਸਿੱਧਾ ਸਬੰਧ ਨਹੀਂ ਹੈ। ਹਾਲਾਂਕਿ ਮਾਮਲਾ ਸੀਨੀਅਰ ਅਧਿਕਾਰੀ ਨਾਲ ਸਬੰਧਤ ਹੋਣ ਕਾਰਨ ਕੋਈ ਵੀ ਖੁੱਲ੍ਹ ਕੇ ਕੁਝ ਨਹੀਂ ਦੱਸ ਰਿਹਾ।