ਚੰਡੀਗੜ੍ਹ, 27 ਜੁਲਾਈ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਮੰਗਲਵਾਰ ਨੂੰ ਪੁਲਿਸ ਨੇ ਆਈਲੈਟਸ ਪਾਸ ਕਰਾਉਣ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁਲਜ਼ਮ ਆਈਲੈਟਸ ਪਾਸ ਕਰਵਾਉਣ ਲਈ ਉਮੀਦਵਾਰਾਂ ਤੋਂ 2 ਤੋਂ 3 ਲੱਖ ਰੁਪਏ ਲੈਂਦੇ ਸਨ। ਸਾਹਨੇਵਾਲ ਪੁਲਿਸ ਅਨੁਸਾਰ ਇੱਕ ਆਈਲੈਟਸ ਸੈਂਟਰ ਦਾ ਮਾਲਕ ਇਸ ਰੈਕੇਟ ਨੂੰ ਚਲਾ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਸੈਂਟਰ ਦਾ ਮਾਲਕ ਪੈਸੇ ਲੈ ਕੇ ਪ੍ਰੀਖਿਆ ਹਾਲ ‘ਚ ਉਮੀਦਵਾਰਾਂ ਨੂੰ ਇਲੈਕਟ੍ਰਾਨਿਕ ਯੰਤਰ ਮੁਹੱਈਆ ਕਰਵਾਉਂਦਾ ਸੀ ਅਤੇ ਆਈਲੈਟਸ ਦੀ ਪ੍ਰੀਖਿਆ ਹੱਲ ਕਰਵਾ ਦਿੰਦਾ ਸੀ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 12 ਇਲੈਕਟ੍ਰਾਨਿਕ ਯੰਤਰ ਬਰਾਮਦ ਕੀਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਸ ਕੰਪਨੀ ਦੇ ਕਈ ਹੋਰ ਕਰਮਚਾਰੀ ਵੀ ਇਸ ਅਪਰਾਧ ਵਿੱਚ ਸ਼ਾਮਲ ਹਨ।
ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਮੁਲਜ਼ਮਾਂ ਨੇ ਹਾਲ ਹੀ ਦੇ ਟੈਸਟਾਂ ਵਿੱਚ ਵੀ ਉਮੀਦਵਾਰਾਂ ਦੀ ਮਦਦ ਕੀਤੀ ਸੀ। ਪੁਲੀਸ ਅਨੁਸਾਰ ਜੇਕਰ ਟੈਸਟ ਵਿੱਚ 6 ਜਾਂ ਇਸ ਤੋਂ ਵੱਧ ਬੈਂਡ ਆ ਜਾਂਦੇ ਸਨ ਤਾਂ ਮੁਲਜ਼ਮ ਹਰ ਉਮੀਦਵਾਰ ਤੋਂ 2 ਲੱਖ ਤੋਂ 3 ਲੱਖ ਰੁਪਏ ਤੱਕ ਵਸੂਲਦੇ ਸਨ। ਮੁਲਜ਼ਮ ਨੇ ਸ਼ਨੀਵਾਰ ਨੂੰ ਖੰਨਾ ਵਿਖੇ ਹੋਈ ਆਈਲੈਟਸ ਪ੍ਰੀਖਿਆ ਵਿੱਚ ਵੀ ਕੁਝ ਉਮੀਦਵਾਰਾਂ ਦੀ ਮਦਦ ਕੀਤੀ ਸੀ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਦਿਲਬਾਗ ਸਿੰਘ ਵਾਸੀ ਪਿੰਡ ਰੋਡ ਮੋਗਾ, ਹਰਸੰਗਤ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਸੰਗਤਪੁਰਾ, ਮੋਗਾ ਵਜੋਂ ਹੋਈ ਹੈ। ਮੁੱਖ ਗੈਂਗਸਟਰ ਗੁਰਭੇਜ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਗੁਰਭੇਜ ਸਿੰਘ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਸਟਰਜ਼ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਚਲਾਉਂਦਾ ਹੈ।
ਏਡੀਸੀਪੀ ਸਿਟੀ 2 ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਸਾਹਨੇਵਾਲ ਪੁਲੀਸ ਨੇ ਸੂਹ ਮਿਲਣ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 5 ਇਲੈਕਟ੍ਰਾਨਿਕ ਸਿਮ, 7 ਈਅਰ ਬਲੂਟੁੱਥ ਡਿਵਾਈਸ, 5 ਮੋਬਾਈਲ ਫ਼ੋਨ, ਇੱਕ ਮਾਰੂਤੀ ਸੁਜ਼ੂਕੀ ਸਵਿਫ਼ਟ ਕਾਰ ਬਰਾਮਦ ਕੀਤੀ ਹੈ।
ਪੁਲੀਸ ਨੂੰ ਮੁਲਜ਼ਮਾਂ ਕੋਲੋਂ ਬੱਬਲਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੇ ਪਾਸਪੋਰਟ ਦੀ ਰੰਗੀਨ ਫੋਟੋ ਕਾਪੀ ਮਿਲੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਬਬਲਪ੍ਰੀਤ ਸ਼ਨੀਵਾਰ ਨੂੰ ਹੋਈ ਪ੍ਰੀਖਿਆ ‘ਚ ਸ਼ਾਮਲ ਹੋਇਆ ਸੀ ਜਾਂ ਨਹੀਂ।
ਥਾਣਾ ਸਾਹਨੇਵਾਲ ਦੇ ਇੰਸਪੈਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਗੁਰਭੇਜ ਸਿੰਘ ਉਮੀਦਵਾਰਾਂ ਨੂੰ ਕੰਨਾਂ ਦਾ ਬਲੂਟੁੱਥ ਯੰਤਰ, ਉਨ੍ਹਾਂ ਦੀ ਕੋਡ ਭਾਸ਼ਾ ‘ਚ ‘ਮੱਖੀ’ ਦਿੱਤਾ ਜਾਂਦਾ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਆਈਡੀਪੀ ਇੰਟਰਨੈਸ਼ਨਲ ਕੰਪਨੀ ਦੇ ਮੁਲਾਜ਼ਮਾਂ ਦੀ ਵੀ ਕਿਸੇ ਨਾ ਕਿਸੇ ਕਿਸਮ ਦੀ ਮਿਲੀਭੁਗਤ ਸਾਹਮਣੇ ਆ ਰਹੀ ਹੈ। ਸਟਾਫ ਨੇ ਹਾਲ ਦੇ ਅੰਦਰ ਇਲੈਕਟ੍ਰਾਨਿਕ ਸਿਮ ਯੰਤਰ ਭੇਜੇ। ਉਹ ਡਿਵਾਇਸਾਂ ਨੂੰ ਬੈਂਚਾਂ ਹੇਠ ਚਿਪਕਾਉਂਦੇ ਸਨ।
ਗੁਰਭੇਜ ਸਿੰਘ ਅਤੇ ਉਸ ਦੇ ਸਾਥੀ ਸੈਂਟਰ ਦੇ ਬਾਹਰ ਬੈਠ ਕੇ ਪ੍ਰੀਖਿਆਵਾਂ ਹੱਲ ਕਰਦੇ ਸਨ। ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਲੁਧਿਆਣਾ, ਖੰਨਾ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਅਤੇ ਮੋਗਾ ਵਿੱਚ ਪ੍ਰੀਖਿਆਵਾਂ ਪਾਸ ਕਰਨ ਵਿੱਚ ਉਮੀਦਵਾਰਾਂ ਦੀ ਮਦਦ ਕੀਤੀ ਸੀ।
ਉਸਨੇ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਲਈ ਸਰਕਾਰ ਦੁਆਰਾ ਕਰਵਾਈਆਂ ਜਾਂਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਹੋਰ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਹੱਲ ਕਰਨ ਵਿੱਚ ਵੀ ਉਮੀਦਵਾਰਾਂ ਦੀ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਾਹਨੇਵਾਲ ਵਿਖੇ ਆਈਪੀਸੀ ਦੀ ਧਾਰਾ 420, 120-ਬੀ, ਧਾਰਾ 66 ਅਤੇ 66 ਡੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ‘ਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।