- ਨਵੇਂ ਹੁਕਮ ਅਗਸਤ ਤੋਂ ਹੋਣਗੇ ਲਾਗੂ
- ਹੋਵੇਗਾ ਸਜ਼ਾ ਦਾ ਵੀ ਪ੍ਰਬੰਧ
ਚੰਡੀਗੜ੍ਹ, 21 ਜੁਲਾਈ 2024 – ਪੰਜਾਬ ‘ਚ ਨਾਬਾਲਿਗ ਬੱਚਿਆਂ ਵੱਲੋਂ ਡਰਾਈਵਿੰਗ ਕਰਕੇ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਹਰਕਤ ‘ਚ ਆ ਗਈ ਹੈ। 1 ਅਗਸਤ ਤੋਂ ਜੇਕਰ ਕੋਈ ਨਾਬਾਲਗ ਦੋ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਚੈਕਿੰਗ ਦੌਰਾਨ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਸਮੇਂ ਦੌਰਾਨ ਪੁਲਿਸ ਮੋਟਰ ਵਹੀਕਲ ਐਕਟ ਸੋਧ (2019) ਦੀ ਧਾਰਾ 199ਏ ਅਤੇ 199-ਬੀ ਦੇ ਤਹਿਤ ਕਾਰਵਾਈ ਕਰੇਗੀ। ਅਜਿਹੇ ‘ਚ ਦੋਸ਼ੀ ਪਾਏ ਜਾਣ ‘ਤੇ ਤਿੰਨ ਸਾਲ ਦੀ ਕੈਦ ਅਤੇ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਸਬੰਧੀ ਏਡੀਜੀਪੀ ਟਰੈਫਿਕ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਪੁਲੀਸ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਹੋਰ ਕੋਲੋਂ ਵਾਹਨ ਉਧਾਰ ਲੈਂਦਾ ਹੈ ਤਾਂ ਉਸ ਵਾਹਨ ਦੇ ਮਾਲਕ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਇਹ ਹੁਕਮ ਸਾਰੇ ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਸਬੰਧੀ ਫੀਲਡ ਤੋਂ ਨਿੱਜੀ ਫੀਡਬੈਕ ਵੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸਨਰੂਫ ਖੋਲ੍ਹ ਕੇ ਖੜ੍ਹੇ ਹੋਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਉਸ ਨਿਯਮ ਅਨੁਸਾਰ ਗੱਡੀ ਨੂੰ ਜ਼ਬਤ ਕਰਨ ਦਾ ਹੁਕਮ ਹੈ।